ਹੈਦਰਾਬਾਦ:ਆਮ ਆਦਮੀ ਪਾਰਟੀ ਅਤੇ ਰਾਜ ਸਭਾ ਸੰਸਦ ਰਾਘਵ ਚੱਢਾ ਇਨ੍ਹੀ ਦਿਨੀ ਅੱਖਾਂ ਦੀ ਸਰਜਰੀ ਲਈ ਬ੍ਰਿਟੇਨ ਗਏ ਹੋਏ ਹਨ। ਦਿੱਲੀ ਸਰਕਾਰ 'ਚ ਮੰਤਰੀ ਸੌਰਭ ਭਾਰਦਵਾਜ ਨੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ,"ਅੱਖਾਂ 'ਚ ਪਰੇਸ਼ਾਨੀ ਤੋਂ ਬਾਅਦ ਰਾਘਵ ਨੂੰ ਇਲਾਜ ਕਰਵਾਉਣ ਲਈ ਯੂਕੇ ਜਾਣਾ ਪਿਆ ਹੈ। ਇਹ ਮਾਮਲਾ ਕਾਫ਼ੀ ਗੰਭੀਰ ਸੀ। ਜੇਕਰ ਸਮੇਂ ਰਹਿੰਦੇ ਇਲਾਜ ਨਹੀਂ ਮਿਲਦਾ, ਤਾਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ। ਜਿਵੇਂ ਹੀ ਉਹ ਠੀਕ ਹੋਣਗੇ, ਭਾਰਤ ਵਾਪਸ ਆ ਜਾਣਗੇ।"
ਰਾਘਵ ਰੈਟਿਨਲ ਡਿਟੈਚਮੈਂਟ ਦੀ ਸਮੱਸਿਆ ਤੋਂ ਪੀੜਿਤ:ਮੀਡੀਆ ਰਿਪੋਰਟਸ ਅਨੁਸਾਰ, ਰਾਘਵ ਅੱਖਾਂ ਦੇ ਰੈਟਿਨਲ ਡਿਟੈਚਮੈਂਟ ਤੋਂ ਪੀੜਿਤ ਸੀ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਰਾਘਵ ਵਿਟਰੈਕਟੋਮੀ ਸਰਜਰੀ ਕਰਵਾਉਣ ਬ੍ਰਿਟੇਨ ਗਏ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਇੱਕ ਰੈਟਿਨਾ 'ਚ ਛੇਦ ਸੀ, ਜਿਸ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਸੀ। ਇਸ ਕਰਕੇ ਉਨ੍ਹਾਂ ਲਈ ਸਰਜਰੀ ਕਰਵਾਉਣਾ ਜ਼ਰੂਰੀ ਸੀ। ਹੁਣ ਦੱਸਿਆ ਜਾ ਰਿਹਾ ਹੈ ਕਿ ਰਾਘਵ ਦੀ ਸਰਜਰੀ ਠੀਕ ਰਹੀ ਅਤੇ ਉਹ ਡਾਕਟਰਾਂ ਦੀ ਨਿਗਰਾਨੀ 'ਚ ਹਨ।
ਕੀ ਹੈ ਰੈਟਿਨਲ ਡਿਟੈਚਮੈਂਟ ਦੀ ਸਮੱਸਿਆ?:ਰੈਟਿਨਲ ਡਿਟੈਚਮੈਂਟ ਅੱਖਾਂ ਨਾਲ ਜੁੜੀ ਇੱਕ ਸਮੱਸਿਆ ਹੈ। ਇਸ ਸਮੱਸਿਆ 'ਚ ਰੈਟਿਨਲ ਆਪਣੀ ਜਗ੍ਹਾਂ ਤੋਂ ਅਲੱਗ ਹੋਣ ਲੱਗਦਾ ਹੈ ਅਤੇ ਸਮੇਂ 'ਤੇ ਇਸਦਾ ਇਲਾਜ ਨਾ ਹੋਣ 'ਤੇ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਇਸ ਸਮੱਸਿਆ ਦੌਰਾਨ ਰੈਟਿਨਾ 'ਚ ਛੋਟੇ-ਛੋਟੇ ਛੇਦ ਹੋਣ ਲੱਗਦੇ ਹਨ, ਜੋ ਤੇਜ਼ੀ ਨਾਲ ਵੱਧ ਸਕਦੇ ਹਨ।