ਹੈਦਰਾਬਾਦ: ਮੀਂਹ ਦੇ ਮੌਸਮ ਵਿੱਚ ਮੱਛਰਾਂ ਦਾ ਖ਼ਤਰਾ ਵੱਧ ਜਾਂਦਾ ਹੈ। ਮੱਛਰ ਡੇਂਗੂ, ਮਲੇਰੀਆ, ਚਿਕਨ ਗੁਨੀਆ ਆਦਿ ਬਿਮਾਰੀਆਂ ਦਾ ਕਾਰਨ ਬਣਦੇ ਹਨ। ਮੱਛਰ ਕਿਹੜੇ ਲੋਕਾਂ ਨੂੰ ਵਧੇਰੇ ਕੱਟ ਸਕਦੇ ਹਨ, ਇਸ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸਿਰਫ਼ ਮਾਦਾ ਮੱਛਰ ਹੀ ਇਨਸਾਨਾਂ ਨੂੰ ਕੱਟਦੇ ਹਨ, ਕਿਉਂਕਿ ਮਾਦਾ ਮੱਛਰਾਂ ਦੇ ਪ੍ਰਜਨਨ ਲਈ ਲੋੜੀਂਦੇ ਪ੍ਰੋਟੀਨ ਮਨੁੱਖੀ ਖੂਨ ਵਿੱਚ ਮੌਜੂਦ ਹੁੰਦੇ ਹਨ।
ਇਨ੍ਹਾਂ ਲੋਕਾਂ ਨੂੰ ਮੱਛਰਾਂ ਦੇ ਕੱਟਣ ਦਾ ਵਧੇਰੇ ਖਤਰਾ: ਮਾਹਿਰਾਂ ਦਾ ਕਹਿਣਾ ਹੈ ਕਿ ਮੱਛਰ ਦੇ ਕੱਟਣ ਦੀ ਗਿਣਤੀ ਮਨੁੱਖੀ ਸਰੀਰ ਦੀ ਗੰਧ, ਕਾਰਬਨ ਡਾਈਆਕਸਾਈਡ ਅਤੇ ਸਰੀਰ ਦੇ ਤਾਪਮਾਨ 'ਤੇ ਨਿਰਭਰ ਕਰਦੀ ਹੈ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਛਰ ਬਲੱਡ ਗਰੁੱਪ ਦੇ ਆਧਾਰ 'ਤੇ ਵੀ ਕੱਟਦੇ ਹਨ। ਖੋਜ ਨੇ ਦਿਖਾਇਆ ਹੈ ਕਿ ਏ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਮੱਛਰ ਘੱਟ ਕੱਟਦੇ ਹਨ, ਜਦਕਿ ਓ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਜ਼ਿਆਦਾ ਕੱਟਦੇ ਹਨ। ਇਸ ਤੋਂ ਇਲਾਵਾ, ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਬਹੁਤ ਜ਼ਿਆਦਾ ਬੀਅਰ ਪੀਂਦੇ ਹਨ, ਉਨ੍ਹਾਂ ਨੂੰ ਵੀ ਮੱਛਰ ਕੱਟਦੇ ਹਨ। ਇਸ ਤੋਂ ਇਲਾਵਾ, ਜਿਹੜੇ ਲੋਕ ਕਾਲੇ, ਲਾਲ ਅਤੇ ਸੰਤਰੀ ਸਮੇਤ ਡਾਰਕ ਰੰਗ ਦੇ ਕੱਪੜੇ ਪਹਿਨਦੇ ਹਨ, ਉਨ੍ਹਾਂ ਨੂੰ ਵੀ ਮੱਛਰਾਂ ਦੇ ਕੱਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਮੱਛਰਾਂ ਦੇ ਕੱਟਣ ਦਾ ਕਾਰਨ:ਮੱਛਰਾਂ ਦੀ ਨਜ਼ਰ ਸਾਫ਼ ਨਹੀਂ ਹੁੰਦੀ ਹੈ। ਮਾਹਿਰ ਕਹਿੰਦੇ ਹਨ ਕਿ ਮੱਛਰ ਸਿਰਫ਼ ਕੁਝ ਰੰਗਾਂ ਦਾ ਹੀ ਪਤਾ ਲਗਾ ਸਕਦੇ ਹਨ। ਮੱਛਰ ਡਾਰਕ ਰੰਗ ਦੇ ਕੱਪੜਿਆਂ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ, ਕਿਉਂਕਿ ਇਹ ਰੰਗ ਗਰਮੀ ਨੂੰ ਜਲਦੀ ਜਜ਼ਬ ਕਰ ਲੈਂਦੇ ਹਨ। ਮੱਛਰ ਉਸ ਗਰਮੀ ਨੂੰ ਆਪਣੇ ਅੰਦਰ ਬਰਕਰਾਰ ਰੱਖਦੇ ਹਨ ਅਤੇ ਗਰਮ ਮੌਸਮ ਨੂੰ ਪਸੰਦ ਕਰਦੇ ਹਨ। ਇਸ ਕਰਕੇ ਮੱਛਰ ਡਾਰਕ ਰੰਗ ਦੇ ਕੱਪੜੇ ਪਹਿਨਣ ਵਾਲੇ ਲੋਕਾਂ ਨੂੰ ਕੱਟਣਾ ਵਧੇਰੇ ਪਸੰਦ ਕਰਦੇ ਹਨ। ਇਸ ਲਈ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਡਾਰਕ ਰੰਗ ਦੇ ਪਹਿਰਾਵੇ ਤੋਂ ਦੂਰ ਰਹਿਣ ਅਤੇ ਹਲਕੇ ਰੰਗ ਦੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਮੱਛਰਾਂ ਦੇ ਕੱਟਣ ਪਿੱਛੇ ਹੋਰ ਵੀ ਕਈ ਕਾਰਨ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚੋ ਕੁਝ ਹੇਠ ਲਿਖੇ ਅਨੁਸਾਰ ਹਨ:-
ਸਰੀਰ ਦੇ ਤਾਪਮਾਨ ਦੇ ਆਧਾਰ 'ਤੇ: ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਲੋਕਾਂ ਦੁਆਰਾ ਪਹਿਨੇ ਜਾਣ ਵਾਲੇ ਕੱਪੜਿਆਂ ਦੇ ਆਧਾਰ 'ਤੇ ਹੀ ਨਹੀਂ, ਸਗੋਂ ਮਨੁੱਖੀ ਸਰੀਰ ਦੇ ਤਾਪਮਾਨ ਦੇ ਆਧਾਰ 'ਤੇ ਵੀ ਮੱਛਰ ਕੱਟ ਸਕਦੇ ਹਨ। ਮੱਛਰ ਗਰਮੀ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਇਸ ਕਰਕੇ ਇਹ ਸਰੀਰ ਦੇ ਵੱਧ ਤਾਪਮਾਨ ਵਾਲੇ ਲੋਕਾਂ ਨੂੰ ਕੱਟਦੇ ਹਨ।
ਬਦਬੂ: ਪਸੀਨੇ ਦੀ ਬਦਬੂ ਅਤੇ ਚਮੜੀ ਦੀ ਬਦਬੂ ਵੀ ਮੱਛਰਾਂ ਨੂੰ ਆਕਰਸ਼ਿਤ ਕਰਦੀ ਹੈ। ਇਨ੍ਹਾਂ ਗੰਧਾਂ ਦੇ ਆਧਾਰ 'ਤੇ ਵੀ ਮੱਛਰ ਕੱਟ ਸਕਦੇ ਹਨ। ਜੇਕਰ ਮਨੁੱਖੀ ਸਰੀਰ ਤੋਂ ਪਸੀਨਾ ਨਿਕਲਦਾ ਹੈ, ਤਾਂ ਚਮੜੀ 'ਤੇ ਮੌਜੂਦ ਬੈਕਟੀਰੀਆ ਸਰਗਰਮ ਹੋ ਜਾਣਗੇ। ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇਹ ਐਸਿਡ ਮੱਛਰਾਂ ਨੂੰ ਸਰੀਰ ਵੱਲ ਆਕਰਸ਼ਿਤ ਕਰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਦਾ ਹੈ, ਉਹ ਦਿਨ ਵਿੱਚ ਘੱਟੋ-ਘੱਟ ਦੋ ਵਾਰ ਨਹਾਉਣ, ਤਾਂ ਹੀ ਮੱਛਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।