ਹੈਦਰਾਬਾਦ: ਕੁਸ਼ਟ ਰੋਗ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਇੱਕ ਵੱਡੀ ਚਿੰਤਾ ਦਾ ਕਾਰਨ ਰਿਹਾ ਹੈ। ਕੁਸ਼ਟ ਇੱਕ ਛੂਤ ਦੀ ਬਿਮਾਰੀ ਹੈ ਅਤੇ ਇਸਨੂੰ ਇੱਕ ਸਮਾਜਿਕ ਕਲੰਕ ਵਜੋਂ ਵੀ ਦੇਖਿਆ ਜਾਂਦਾ ਹੈ। ਇਸ ਲਈ ਕੁਸ਼ਟ ਰੋਗ ਤੋਂ ਪੀੜਤਾਂ ਨੂੰ ਨਾ ਸਿਰਫ਼ ਨਿਦਾਨ ਅਤੇ ਇਲਾਜ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਸਮਾਜਿਕ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਲਾਂ ਤੋਂ ਕਈ ਸਿਹਤ ਅਤੇ ਸਮਾਜਿਕ ਸੰਸਥਾਵਾਂ ਅਤੇ ਕੁਸ਼ਟ ਰੋਗ ਪ੍ਰਤੀ ਕੰਮ ਕਰ ਰਹੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮਾਂ ਰਾਹੀਂ ਲੋਕਾਂ ਵਿੱਚ ਕੁਸ਼ਟ ਰੋਗ ਅਤੇ ਇਸ ਨਾਲ ਸਬੰਧਤ ਸਾਰੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਯਤਨ ਕਰ ਰਹੀਆਂ ਹਨ। ਹਰ ਸਾਲ ਜਨਵਰੀ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਕੁਸ਼ਟ ਰੋਗ ਦਿਵਸ ਵੀ ਇਨ੍ਹਾਂ ਯਤਨਾਂ ਦਾ ਹੀ ਇੱਕ ਹਿੱਸਾ ਹੈ। ਇਸ ਸਾਲ ਇਹ ਸਮਾਗਮ 28 ਜਨਵਰੀ ਨੂੰ 'Beat Leprosy' ਥੀਮ 'ਤੇ ਮਨਾਇਆ ਜਾ ਰਿਹਾ ਹੈ।
ਕੁਸ਼ਟ ਰੋਗ ਕੀ ਹੈ?:ਕੁਸ਼ਟ ਨੂੰ ਹੈਨਸਨ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ। ਇਹ ਬਿਮਾਰੀ ਖਾਸ ਕਿਸਮ ਦੇ ਬੈਕਟੀਰੀਆ 'ਮਾਈਕੋਬੈਕਟੀਰੀਅਮ ਲੇਪ੍ਰੇ' ਦੁਆਰਾ ਹੁੰਦੀ ਹੈ, ਜੋ ਕਿ ਮਨੁੱਖੀ ਸਰੀਰ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਕਾਰਨ ਚਮੜੀ 'ਤੇ ਜ਼ਖ਼ਮ ਅਤੇ ਸੁੰਨ ਹੋਣ ਦੇ ਨਾਲ-ਨਾਲ ਨਸਾਂ, ਉੱਪਰੀ ਸਾਹ ਪ੍ਰਣਾਲੀ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਅਪੰਗਤਾ ਵੀ ਹੋ ਸਕਦੀ ਹੈ। ਕੁਸ਼ਟ ਰੋਗ ਬਚਪਨ ਤੋਂ ਬੁਢਾਪੇ ਤੱਕ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਡਾਕਟਰਾਂ ਅਨੁਸਾਰ, ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਕੁਸ਼ਟ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਸਹੀ ਸਮੇਂ 'ਤੇ ਸਹੀ ਇਲਾਜ ਨਾਲ ਇਸ ਬੀਮਾਰੀ ਕਾਰਨ ਹੋਣ ਵਾਲੀ ਅਪੰਗਤਾ ਦੀ ਸੰਭਾਵਨਾ ਤੋਂ ਵੀ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਅੰਕੜੇ ਕੀ ਕਹਿੰਦੇ ਹਨ?: ਵਿਸ਼ਵ ਸਿਹਤ ਸੰਗਠਨ ਨੇ 2005 ਵਿੱਚ ਕੁਸ਼ਟ ਰੋਗ ਨੂੰ ਇੱਕ "ਖਤਮ" ਗਲੋਬਲ ਜਨਤਕ ਸਿਹਤ ਸਮੱਸਿਆ ਐਲਾਨ ਕੀਤਾ ਸੀ, ਪਰ ਵਿਸ਼ਵ ਭਰ ਵਿੱਚ ਹਰ ਸਾਲ ਕੁਸ਼ਟ ਰੋਗ ਦੇ 2 ਲੱਖ ਤੋਂ ਵੱਧ ਨਵੇਂ ਕੇਸ ਅਜੇ ਵੀ ਰਿਪੋਰਟ ਕੀਤੇ ਜਾਂਦੇ ਹਨ। ਉਪਲਬਧ ਜਾਣਕਾਰੀ ਅਨੁਸਾਰ, ਸਾਲ 2020 ਵਿੱਚ ਵਿਸ਼ਵ ਪੱਧਰ 'ਤੇ ਕੁਸ਼ਟ ਰੋਗ ਦੇ ਲਗਭਗ 130,000 ਨਵੇਂ ਕੇਸ ਸਾਹਮਣੇ ਆਏ ਸੀ, ਜਿਨ੍ਹਾਂ ਵਿੱਚੋਂ ਲਗਭਗ 73% ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਿੱਚੋ ਸਨ। ਸਾਲ 2021 ਵਿੱਚ ਵਿਸ਼ਵ ਪੱਧਰ 'ਤੇ ਕੁਸ਼ਟ ਰੋਗ ਦੇ ਲਗਭਗ 1,40,546 ਨਵੇਂ ਕੇਸ ਦਰਜ ਕੀਤੇ ਗਏ ਸਨ। ਹਾਲਾਂਕਿ, ਅੰਕੜਿਆਂ ਅਨੁਸਾਰ, ਇਸ ਦਿਸ਼ਾ ਵਿੱਚ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਵਿਸ਼ਵ ਭਰ ਵਿੱਚ ਕੁਸ਼ਟ ਰੋਗ ਦੇ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ। ਇਸ ਸਮੇਂ ਭਾਰਤ ਵਿੱਚ ਕੁਸ਼ਟ ਰੋਗ ਦਾ ਪ੍ਰਸਾਰ ਪ੍ਰਤੀ 10,000 ਲੋਕਾਂ ਵਿੱਚ 0.4 ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ, ਇਸ ਸਮੇਂ ਕੁਸ਼ਟ ਰੋਗ ਦੇ ਸਭ ਤੋਂ ਵੱਧ ਮਾਮਲੇ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ।