ਹੈਦਰਾਬਾਦ: ਕੀਟੋ ਖੁਰਾਕ ਅਲਜ਼ਾਈਮਰ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਹਾਲ ਹੀ ਵਿੱਚ ਚੂਹਿਆਂ 'ਤੇ ਕੀਤੇ ਗਏ ਇੱਕ ਪ੍ਰਯੋਗ ਵਿੱਚ ਪਾਇਆ ਗਿਆ ਹੈ ਕਿ ਕੀਟੋ ਖੁਰਾਕ ਖੂਨ ਵਿੱਚ ਟੌ ਪ੍ਰੋਟੀਨ ਦੇ ਪੱਧਰ ਨੂੰ ਕਾਫ਼ੀ ਘੱਟ ਕਰ ਸਕਦੀ ਹੈ, ਜਿਸ ਨੂੰ ਡਿਮੈਂਸ਼ੀਆ ਦੇ ਵਧੇ ਹੋਏ ਖਤਰੇ ਨਾਲ ਜੋੜਿਆ ਜਾ ਰਿਹਾ ਹੈ। ਜਰਨਲ ਏਜਿੰਗ ਵਿੱਚ ਪ੍ਰਕਾਸ਼ਿਤ ਇਹ ਖੋਜ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਖੋਜਕਾਰਾਂ ਦੁਆਰਾ ਕੀਤੀ ਗਈ ਹੈ।
ਉਦੇਸ਼:ਅੰਕੜਿਆਂ ਅਨੁਸਾਰ, ਪਿਛਲੇ ਕੁਝ ਸਾਲਾਂ ਤੋਂ ਦੁਨੀਆ ਭਰ ਵਿੱਚ ਅਲਜ਼ਾਈਮਰ ਰੋਗ ਅਤੇ ਹੋਰ ਕਿਸਮ ਦੇ ਡਿਮੈਂਸ਼ੀਆ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ, 2050 ਤੱਕ ਇਹ ਗਿਣਤੀ ਤਿੰਨ ਗੁਣਾ ਹੋ ਜਾਣ ਦੀ ਸੰਭਾਵਨਾ ਹੈ। ਅਜਿਹੇ 'ਚ ਅਲਜ਼ਾਈਮਰ ਰੋਗ ਦੇ ਲੱਛਣਾਂ ਨੂੰ ਘੱਟ ਕਰਨ, ਇਸ ਦੇ ਪ੍ਰਬੰਧਨ ਅਤੇ ਇਲਾਜ 'ਚ ਸੁਧਾਰ ਲਈ ਕਈ ਖੋਜਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇੱਕ ਅਧਿਐਨ ਵਿੱਚ ਖੋਜਕਾਰਾਂ ਨੇ ਪੀੜਤਾਂ ਦੇ ਮਾਨਸਿਕ ਵਿਵਹਾਰ, ਮੋਟਰ ਫੰਕਸ਼ਨ ਅਤੇ ਖੂਨ ਦੇ ਲਿਪਿਡ ਨੂੰ ਸੁਧਾਰਨ ਦੇ ਤਰੀਕਿਆਂ 'ਤੇ ਧਿਆਨ ਦਿੱਤਾ ਹੈ, ਜੋ ਅਲਜ਼ਾਈਮਰ ਰੋਗ ਦੇ ਵਿਕਾਸ ਵਿੱਚ ਭੂਮਿਕਾ ਨਿਭਾ ਸਕਦੇ ਹਨ।
ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਅਧਿਐਨ ਦੇ ਮੁੱਖ ਲੇਖਕ ਅਤੇ ਸਹਾਇਕ ਪ੍ਰੋਜੈਕਟ ਵਿਗਿਆਨੀ ਡਾ. ਜੈਨੀਫਰ ਰੁਤਕੋਵਸਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ "ਖੂਨ ਵਿੱਚ ਚਰਬੀ ਅਤੇ ਕੋਲੇਸਟ੍ਰੋਲ ਦੇ ਉੱਚ ਪੱਧਰ ਅਲਜ਼ਾਈਮਰ ਰੋਗ ਦੇ ਪੈਥੋਲੋਜੀਕਲ ਵਿਕਾਸ ਨਾਲ ਜੁੜੇ ਹੋਏ ਹਨ।" ਇਸ ਖੋਜ ਵਿੱਚ ਮਰੀਜ਼ ਦੇ ਮਾਨਸਿਕ ਵਿਵਹਾਰ, ਮੋਟਰ ਫੰਕਸ਼ਨ ਅਤੇ ਖੂਨ ਦੇ ਲਿਪਿਡਜ਼ ਵਿੱਚ ਸੁਧਾਰ ਕਰਨ ਅਤੇ ਇਨ੍ਹਾਂ ਨਾਲ ਸਬੰਧਤ ਉਪਾਵਾਂ ਦੀ ਪਛਾਣ ਕਰਨ ਲਈ ਇੱਕ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਖੋਜ ਵਿੱਚ ਖੋਜਕਾਰਾਂ ਦੀ ਟੀਮ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਕੀਟੋ ਖੁਰਾਕ ਲਗਾਤਾਰ ਜਾਂ ਘੱਟ ਮਾਤਰਾ ਵਿੱਚ ਅਤੇ ਨਿਯਮਤ ਰੂਪ ਵਿੱਚ ਲੈਣ ਨਾਲ ਕੀ ਪ੍ਰਭਾਵ ਨਜ਼ਰ ਆਉਦੇ ਹਨ।
ਖੋਜ ਕਿਵੇਂ ਕੀਤੀ ਗਈ ਸੀ?: ਇਸ ਅਧਿਐਨ ਵਿੱਚ ਮਾਦਾ ਚੂਹਿਆਂ ਦੇ ਵੱਖ-ਵੱਖ ਸਮੂਹਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਇੱਕ ਵਾਰ ਕੀਟੋ ਖੁਰਾਕ ਅਤੇ ਇੱਕ ਵਾਰ ਆਮ ਖੁਰਾਕ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਇਸ ਅਧਿਐਨ ਲਈ ਵਿਗਿਆਨੀਆਂ ਨੇ ਟੀਜੀਐਫ 344-ਏਡੀ ਚੂਹਿਆਂ ਦੀ ਵਰਤੋਂ ਕੀਤੀ ਸੀ। ਇਨ੍ਹਾਂ ਚੂਹਿਆਂ ਨੂੰ ਖਾਸ ਜੈਨੇਟਿਕ ਪਰਿਵਰਤਨ ਨਾਲ ਪਾਲਿਆ ਗਿਆ ਸੀ ਅਤੇ ਛੇ ਮਹੀਨਿਆਂ ਲਈ ਟੈਸਟ ਕੀਤਾ ਗਿਆ ਸੀ। ਆਮ ਖੁਰਾਕ ਨਾਲ ਚੂਹਿਆਂ ਦੀ ਯਾਦਦਾਸ਼ਤ ਜਾਂ ਮੋਟਰ ਤਾਲਮੇਲ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ, ਜਦਕਿ ਇੱਕ ਵਾਰ ਕੀਟੋ ਖੁਰਾਕ ਲੈਣ ਨਾਲ ਚੂਹਿਆਂ ਵਿੱਚ ਕੋਲੇਸਟ੍ਰੋਲ ਦੇ ਪੱਧਰਾਂ ਅਤੇ ਖੂਨ ਵਿੱਚ ਟੌ ਪ੍ਰੋਟੀਨ ਦੀ ਕਮੀ ਪਾਈ ਗਈ ਸੀ।
ਡਾਕਟਰ ਜੈਨੀਫਰ ਰੁਤਕੋਵਸਕੀ ਦੇ ਅਨੁਸਾਰ, ਖੋਜ ਵਿੱਚ ਸਪੱਸ਼ਟ ਤੌਰ 'ਤੇ ਪਾਇਆ ਗਿਆ ਹੈ ਕਿ ਕੀਟੋ ਖੁਰਾਕ ਨੇ ਮਾਦਾ ਚੂਹਿਆਂ ਵਿੱਚ ਖੂਨ ਦੇ ਲਿਪਿਡ ਦੇ ਪੱਧਰ ਵਿੱਚ ਸੁਧਾਰ ਕੀਤਾ ਅਤੇ ਖੂਨ ਵਿੱਚ ਟੌ ਪ੍ਰੋਟੀਨ ਦੇ ਪੱਧਰ ਨੂੰ ਮਹੱਤਵਪੂਰਣ ਰੂਪ ਵਿੱਚ ਘਟਾਇਆ ਹੈ। ਇਸ ਲਈ ਅਲਜ਼ਾਈਮਰ ਰੋਗ ਤੋ ਪੀੜਿਤ ਲੋਕਾਂ ਵਿੱਚ ਇਸ ਬਿਮਾਰੀ ਨੂੰ ਹੌਲੀ ਕਰਨ ਜਾਂ ਘਟਾਉਣ ਵਿੱਚ ਕੀਟੋ ਖੁਰਾਕ ਲਾਭਦਾਇਕ ਹੋ ਸਕਦੀ ਹੈ ਅਤੇ ਕੁਝ ਹੋਰ ਸਿਹਤ ਪਹਿਲੂਆਂ ਵਿੱਚ ਵੀ ਸੁਧਾਰ ਕਰ ਸਕਦੀ ਹੈ।