ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ ਸੀ। ਕੋਵਿਡ ਕਾਰਨ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਸੀ। ਇਸ ਵਾਇਰਸ ਤੋਂ ਬਾਅਦ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਫਿਰ ਅਜਿਹਾ ਮਹੌਲ ਦੇਖਣ ਨੂੰ ਨਾ ਮਿਲੇ। ਇਸ ਦੌਰਾਨ ਹੁਣ ਕੋਰੋਨਾ ਵਰਗੇ ਇੱਕ ਹੋਰ ਵਾਇਰਸ ਦੇ ਆਉਣ ਦੀ ਚਰਚਾ ਹੈ, ਜਿਸ ਕਾਰਨ ਲੋਕ ਡਰੇ ਹੋਏ ਹਨ। ਇਸ ਵਾਇਰਸ ਦਾ ਨਾਮ ਹਿਊਮਨ ਮੈਟਾਪਨੀਓਮੋਵਾਇਰਸ (HMPV) ਹੈ। ਇਹ ਵਾਇਰਸ ਇਸ ਸਮੇਂ ਚੀਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਭਰ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਚੀਨ 'ਚ ਸੋਸ਼ਲ ਮੀਡੀਆ 'ਤੇ ਇਸ ਨਵੇਂ ਵਾਇਰਸ ਦੀ ਕਾਫੀ ਚਰਚਾ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਵਾਂ ਵਾਇਰਸ HMPV ਚੀਨ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਬਹੁਤ ਸਾਰੇ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਚੀਨ ਦੇ ਹਸਪਤਾਲਾਂ ਵਿੱਚ ਭੀੜ-ਭੜੱਕੇ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਨਾਲ ਦੁਨੀਆ ਭਰ ਵਿੱਚ ਚਿੰਤਾ ਪੈਦਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ HMPV, ਕੋਰੋਨਾ ਅਤੇ ਮਾਈਕੋਪਲਾਜ਼ਮਾ ਨਿਮੋਨੀਆ ਵਰਗੀਆਂ ਬੀਮਾਰੀਆਂ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ। ਇਸ ਲਈ ਚੀਨ 'ਚ ਸਿਸਟਮ ਅਲਰਟ ਮੋਡ 'ਤੇ ਆ ਗਿਆ ਹੈ।
HMPV ਨੇ ਲੋਕਾਂ ਦਾ ਤਣਾਅ ਵਧਾਇਆ
ਕੋਰੋਨਾ ਦੇ ਠੀਕ ਪੰਜ ਸਾਲ ਬਾਅਦ HMPV ਨੇ ਚੀਨ ਵਿੱਚ ਲੋਕਾਂ ਦਾ ਤਣਾਅ ਵਧਾ ਦਿੱਤਾ ਹੈ। ਇਸ ਕਾਰਨ ਭਾਰਤ 'ਚ ਡਰ ਬਣਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਿਊਮਨ ਮੈਟਾਪਨੀਓਮੋਵਾਇਰਸ ਇੱਕ ਆਰਐਨਏ ਵਾਇਰਸ ਹੈ। ਇਹ ਪਹਿਲੀ ਵਾਰ 2001 ਵਿੱਚ ਡੱਚ ਖੋਜਕਾਰਾਂ ਦੁਆਰਾ ਖੋਜਿਆ ਗਿਆ ਸੀ। ਇਸ ਵਾਇਰਸ ਬਾਰੇ ਜਾਣਕਾਰੀ ਸਾਹ ਦੀ ਸਮੱਸਿਆ ਤੋਂ ਪੀੜਤ ਬੱਚਿਆਂ ਦੇ ਨਮੂਨਿਆਂ ਦੀ ਜਾਂਚ ਦੌਰਾਨ ਸਾਹਮਣੇ ਆਈ ਸੀ। ਇਸ ਦੌਰਾਨ ਖੋਜਕਾਰਾਂ ਨੇ ਦਾਅਵਾ ਕੀਤਾ ਸੀ ਕਿ ਇਹ ਵਾਇਰਸ ਪਿਛਲੇ 6 ਦਹਾਕਿਆਂ ਤੋਂ ਮੌਜੂਦ ਹੈ। ਇਸ ਵਾਇਰਸ ਦੀ ਲਾਗ ਤੋਂ ਬਾਅਦ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਹ ਵਾਇਰਸ ਮੁੱਖ ਤੌਰ 'ਤੇ ਖੰਘਣ ਅਤੇ ਛਿੱਕਣ ਤੋਂ ਬਾਅਦ ਤੇਜ਼ੀ ਨਾਲ ਫੈਲਦਾ ਹੈ।
ਇਨ੍ਹਾਂ ਲੋਕਾਂ ਨੂੰ ਜ਼ਿਆਦਾ ਖਤਰਾ
ਇਹ ਵਾਇਰਸ ਖਾਸ ਤੌਰ 'ਤੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਚੀਨ ਦੇ ਰਾਜ ਪ੍ਰਸਾਰਕ ਸੀਸੀਟੀਵੀ ਨੇ ਦੱਸਿਆ ਕਿ ਇਹ ਬਿਮਾਰੀ ਦਸੰਬਰ ਦੇ ਅਖੀਰ ਵਿੱਚ 14 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦਿਖਾਈ ਦਿੱਤੀ। ਇਸਦਾ ਮਤਲਬ ਸਾਫ਼ ਹੈ ਕਿ ਇਹ ਵਾਇਰਸ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਤੇਜ਼ੀ ਨਾਲ ਫੈਲਦਾ ਹੈ। ਵਾਇਰਸ ਸਾਹ ਦੀ ਨਾਲੀ ਰਾਹੀਂ ਫੈਲਦਾ ਹੈ ਅਤੇ ਸਿੱਧੇ ਸੰਪਰਕ ਜਿਵੇਂ ਕਿ ਹੱਥ ਮਿਲਾਉਣ ਜਾਂ ਦੂਸ਼ਿਤ ਵਸਤੂਆਂ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ।