ਚੰਡੀਗੜ੍ਹ : ਚੰਡੀਗੜ੍ਹ 'ਚ ਮੇਅਰ ਚੋਣਾਂ 2025 ਦਾ ਐਲਾਨ ਹੋ ਚੁੱਕਾ ਹੈ। ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 24 ਜਨਵਰੀ 2025 ਨੂੰ ਹੋਣਗੀਆਂ। ਉਮੀਦਵਾਰ 20 ਜਨਵਰੀ ਸ਼ਾਮ 5 ਵਜੇ ਤੱਕ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਇਸ ਵਾਰ ਔਰਤਾਂ ਰਾਖਵੀਆਂ ਸੀਟਾਂ 'ਤੇ ਚੋਣਾਂ ਕਰਵਾਈਆਂ ਜਾਣਗੀਆਂ।
ਮੇਅਰ ਦੇ ਅਹੁਦੇ ਲਈ ਵੋਟਿੰਗ 24 ਜਨਵਰੀ ਨੂੰ ਸਵੇਰੇ 11 ਵਜੇ ਨਗਰ ਨਿਗਮ ਹਾਊਸ ਵਿੱਚ ਹੋਵੇਗੀ। ਇਸ ਤੋਂ ਬਾਅਦ, ਸੀਨੀਅਰ ਡਿਪਟੀ ਮੇਅਰ ਅਤੇ ਫਿਰ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਵੇਗੀ।
ਚੰਡੀਗੜ੍ਹ ਵਿੱਚ ਆਪ-ਕਾਂਗਰਸ ਇੱਕਠੀ
ਇਸ ਸਮੇਂ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਕੁਮਾਰ ਟੀਟਾ ਚੰਡੀਗੜ੍ਹ ਦੇ ਮੇਅਰ ਹਨ। ਉਨ੍ਹਾਂ ਨੂੰ ਕਾਂਗਰਸ ਦਾ ਸਮਰਥਨ ਵੀ ਹਾਸਲ ਹੈ। ਦਰਅਸਲ, ਚੰਡੀਗੜ੍ਹ ਨਗਰ ਨਿਗਮ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵੇਂ ਪਾਰਟੀਆਂ ਗਠਜੋੜ ਵਿੱਚ ਹਨ।
ਵੋਟਿੰਗ ਗੁਪਤ ਬੈਲਟ ਰਾਹੀਂ ਹੋਵੇਗੀ
ਇਸ ਵਾਰ ਚੰਡੀਗੜ੍ਹ ਵਿੱਚ ਮੇਅਰ ਚੋਣ-2025 ਲਈ ਨਾਮਜ਼ਦ ਕੌਂਸਲਰ ਰਮਨੀਕ ਬੇਦੀ ਨੂੰ ਪ੍ਰੀਜ਼ਾਈਡਿੰਗ ਅਫਸਰ ਯਾਨੀ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਅਰ ਚੋਣ-2025 ਦੀ ਵੋਟਿੰਗ ਗੁਪਤ ਬੈਲਟ ਰਾਹੀਂ ਹੀ ਹੋਵੇਗੀ। ਜਿੱਥੇ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਓਪਨ ਵੋਟਿੰਗ ਦੀ ਮੰਗ ਕੀਤੀ ਸੀ, ਉਥੇ ਹੀ ਚੰਡੀਗੜ੍ਹ ਪ੍ਰਸ਼ਾਸਕ ਵੱਲੋਂ ਓਪਨ ਵੋਟਿੰਗ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਹੈ।
ਮੇਅਰ ਦਾ ਕਾਰਜਕਾਲ ਅਜੇ ਬਾਕੀ !
ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ (AAP) ਅਤੇ ਕਾਂਗਰਸ ਨੇ ਮੰਗ ਕੀਤੀ ਸੀ ਕਿ ਮੇਅਰ ਦੀ ਚੋਣ 20 ਫ਼ਰਵਰੀ ਤੋਂ ਪਹਿਲਾਂ ਨਾ ਕਰਵਾਈ ਜਾਵੇ। ਕਿਹਾ ਗਿਆ ਸੀ ਕਿ ਮੌਜੂਦਾ ਮੇਅਰ ਕੁਲਦੀਪ ਕੁਮਾਰ ਦਾ ਕਾਰਜਕਾਲ 19 ਫ਼ਰਵਰੀ 2025 ਤੱਕ ਹੋਣਾ ਚਾਹੀਦਾ ਹੈ, ਕਿਉਂਕਿ ਸੁਪਰੀਮ ਕੋਰਟ ਨੇ 20 ਫ਼ਰਵਰੀ 2024 ਨੂੰ ਆਦੇਸ਼ ਦੇ ਕੇ ਕੁਲਦੀਪ ਕੁਮਾਰ ਨੂੰ ਮੇਅਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਸੀ। ਜੇਕਰ 20 ਫ਼ਰਵਰੀ ਤੋਂ ਪਹਿਲਾਂ ਚੋਣਾਂ ਹੋ ਜਾਂਦੀਆਂ ਹਨ ਤਾਂ ਮੇਅਰ ਦਾ ਇੱਕ ਸਾਲ ਦਾ ਕਾਰਜਕਾਲ ਪੂਰਾ ਨਹੀਂ ਹੋਵੇਗਾ।
ਆਖਰੀ ਮੇਅਰ ਚੋਣਾਂ ਪ੍ਰੀਜ਼ਾਈਡਿੰਗ ਅਫਸਰ ਕਰਕੇ ਰਹੀਆਂ ਯਾਦਗਾਰ
ਤੁਹਾਨੂੰ ਵੀ ਚੰਗੀ ਤਰ੍ਹਾਂ ਯਾਦ ਹੋਵੇਗਾ ਕਿ ਪਿਛਲੀ 30 ਜਨਵਰੀ 2024 ਨੂੰ ਹੋਈ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਨਾਮਜ਼ਦ ਕੌਂਸਲਰ ਅਨਿਲ ਮਸੀਹ (ਉਸ ਸਮੇਂ ਦੇ ਪ੍ਰੀਜ਼ਾਈਡਿੰਗ ਅਫਸਰ) ਨੇ ਕਾਂਗਰਸ-ਆਪ ਗਠਜੋੜ ਦੀਆਂ 8 ਵੋਟਾਂ ਨੂੰ ਗ਼ਲਤ ਕਰਾਰ ਦਿੱਤਾ ਸੀ। ਅਨਿਲ ਮਸੀਹ ਨੇ ਜਾਣਬੁੱਝ ਕੇ ਕਲਮ ਨਾਲ ਗਠਜੋੜ ਦੀਆਂ ਵੋਟਾਂ ਦੀ ਨਿਸ਼ਾਨਦੇਹੀ ਕਰਕੇ ਵੋਟਾਂ ਖ਼ਰਾਬ ਕੀਤੀਆਂ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਨੂੰ ਹਾਰ ਦਾ ਐਲਾਨ ਕਰ ਦਿੱਤਾ ਸੀ, ਜਦਕਿ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਭਾਜਪਾ ਦੇ ਮਨੋਜ ਸੋਨਕਰ 16 ਵੋਟਾਂ ਹਾਸਲ ਕਰਕੇ ਜੇਤੂ ਐਲਾਨੇ ਗਏ ਸੀ।
ਇਸ ਦੇ ਨਾਲ ਹੀ, ਹਾਈਕੋਰਟ ਅਤੇ ਸੁਪਰੀਮ ਕੋਰਟ ਦੇ ਦਖਲ ਕਾਰਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਗਠਜੋੜ ਦੀਆਂ 20 ਵੋਟਾਂ ਵਿੱਚੋਂ ਸਿਰਫ਼ 12 ਵੋਟਾਂ ਹੀ ਮਿਲ ਸਕੀਆਂ। ਇਸ ਮਾਮਲੇ ਦੀ ਸੁਣਵਾਈ ਸਾਬਕਾ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕੀਤੀ ਸੀ। ਪਿਛਲੇ ਸਾਲ 5 ਫ਼ਰਵਰੀ ਨੂੰ ਸੁਣਵਾਈ ਦੌਰਾਨ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਅਨਿਲ ਮਸੀਹ 'ਤੇ ਸਖ਼ਤ ਟਿੱਪਣੀ ਕਰਦਿਆਂ ਮਸੀਹ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।
ਵੋਟਾਂ ਖਰਾਬ ਕਰਦਿਆਂ ਦੀ ਵੀਡੀਓ ਕੀਤੀ ਗਈ ਸੀ ਪੇਸ਼
ਉਸ ਦੌਰਾਨ ਸੀਜੇਆਈ ਨੇ ਮੇਅਰ ਚੋਣਾਂ ਵਿੱਚ ਬੇਨਿਯਮੀਆਂ ਸਬੰਧੀ ਪੇਸ਼ ਕੀਤੀ ਵੀਡੀਓ ਨੂੰ ਦੇਖ ਕੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੂੰ ਸਖ਼ਤ ਤਾੜਨਾ ਕੀਤੀ ਸੀ ਅਤੇ ਕਿਹਾ ਸੀ- ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਪ੍ਰੀਜ਼ਾਈਡਿੰਗ ਅਫ਼ਸਰ ਨੇ ਜੋ ਵੀ ਕੀਤਾ ਹੈ, ਉਹ ਲੋਕਤੰਤਰ ਦਾ 'ਕਤਲ' ਹੈ ਅਤੇ 'ਮਜ਼ਾਕ' ਹੈ। ਚੋਣ ਪ੍ਰਕਿਰਿਆ ਦਾ ਮਜ਼ਾਕ ਬਣਾ ਦਿੱਤਾ ਗਿਆ ਹੈ। ਸੀਜੇਆਈ ਨੇ ਅੱਗੇ ਕਿਹਾ ਸੀ ਕਿ ਪ੍ਰੀਜ਼ਾਈਡਿੰਗ ਅਫਸਰ ਦਾ ਇਹ ਕਿਹੋ ਜਿਹਾ ਵਤੀਰਾ ਹੈ?
ਅਨਿਲ ਮਸੀਹ ਨੇ ਮੰਨੀ ਸੀ ਗ਼ਲਤੀ
ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਸੀ ਕਿ ਪ੍ਰੀਜ਼ਾਈਡਿੰਗ ਅਫਸਰ ਵਾਰ-ਵਾਰ ਕੈਮਰੇ ਵੱਲ ਦੇਖ ਕੇ ਬੈਲਟ ਪੇਪਰ ਨੂੰ ਖਰਾਬ ਕਰ ਰਿਹਾ ਹੈ। ਕੀ ਇਸ ਤਰ੍ਹਾਂ ਚੋਣਾਂ ਕਰਵਾਈਆਂ ਜਾਂਦੀਆਂ ਹਨ? ਸੀਜੇਆਈ ਨੇ ਕਿਹਾ ਸੀ ਕਿ ਵੀਡੀਓ 'ਚ ਪ੍ਰੀਜ਼ਾਈਡਿੰਗ ਅਫਸਰ ਦਾ ਵਿਵਹਾਰ ਸਪੱਸ਼ਟ ਤੌਰ 'ਤੇ ਸ਼ੱਕੀ ਹੈ। ਇਸ ਅਧਿਕਾਰੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ ਲੋਕਤੰਤਰ ਦਾ ਇਸ ਤਰ੍ਹਾਂ ਕਤਲ ਨਹੀਂ ਹੋਣ ਦੇ ਸਕਦੇ। ਅਦਾਲਤ ਨੇ ਅਨਿਲ ਮਸੀਹ ਨੂੰ ਮਾਣਹਾਨੀ ਦਾ ਨੋਟਿਸ ਵੀ ਜਾਰੀ ਕੀਤਾ ਸੀ। ਅਨਿਲ ਮਸੀਹ ਨੇ ਅਦਾਲਤ 'ਚ ਮੰਨਿਆ ਸੀ ਕਿ ਉਸ ਨੇ ਬੈਲਟ ਪੇਪਰ 'ਤੇ ਕਰਾਸ ਚਿੰਨ੍ਹ ਬਣਾਏ ਸਨ।
ਦੱਸ ਦੇਈਏ ਕਿ 2016 ਤੋਂ 2023 ਤੱਕ ਲਗਾਤਾਰ ਨਗਰ ਨਿਗਮ 'ਚ ਭਾਜਪਾ ਸੱਤਾ 'ਚ ਰਹੀ ਸੀ। ਸਾਲ 2024 ਵਿੱਚ ਧਾਂਦਲੀ ਸਾਹਮਣੇ ਆਉਣ ਤੋਂ ਬਾਅਦ ਸਭ ਸਾਫ ਹੋਇਆ ਅਤੇ ਆਪ-ਕਾਂਗਰਸ ਗਠਜੋੜ ਦਾ ਮੇਅਰ ਕੁਲਦੀਪ ਕੁਮਾਰ ਟੀਟਾ ਬਣੇ।