ਹੈਦਰਾਬਾਦ: ਵਿਅਸਤ ਅਤੇ ਗਲਤ ਜੀਵਨਸ਼ੈਲੀ ਹੋਣ ਕਰਕੇ ਲੋਕ ਰਾਤ ਨੂੰ ਚੰਗੀ ਨੀਂਦ ਨਹੀਂ ਲੈ ਪਾਉਂਦੇ ਹਨ, ਜਿਸ ਕਾਰਨ ਅਗਲੇ ਦਿਨ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਅਤੇ ਪੂਰੇ ਦਿਨ ਦਾ ਕੰਮ ਵੀ ਪ੍ਰਭਾਵਿਤ ਹੋ ਜਾਂਦਾ ਹੈ। ਇਸਦੇ ਨਾਲ ਹੀ, ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਸਕਦੇ ਹੋ। ਲੋਕ ਅਕਸਰ ਆਪਣੀ ਨੀਂਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਰਾਤ ਨੂੰ ਜ਼ਿਆਦਾ ਸਮੇਂ ਫੋਨ 'ਤੇ ਬਿਤਾਉਦੇ ਹਨ। ਰਾਤ ਨੂੰ ਫੋਨ ਚਲਾਉਣ ਕਰਕੇ ਨੀਂਦ ਪ੍ਰਭਾਵਿਤ ਹੋ ਜਾਂਦੀ ਹੈ। ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣਾ ਸਿਹਤ ਲਈ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈ ਪਾ ਰਹੇ ਹੋ, ਤਾਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
ਨੀਂਦ ਪੂਰੀ ਨਾ ਹੋਣ ਦੇ ਨੁਕਸਾਨ:
ਦਿਲ ਨਾਲ ਜੁੜੀਆਂ ਬਿਮਾਰੀਆਂ: ਨੀਂਦ ਦੀ ਕਮੀ ਦਾ ਤੁਹਾਡੇ ਦਿਲ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਕਾਰਨ ਅਨਿਯਮਿਤ ਦਿਲ ਦੀ ਧੜਕਣ, ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ ਅਤੇ ਦਿਲ ਦੀ ਅਸਫਲਤਾ ਵਰਗੀਆਂ ਕਾਰਡੀਓਵੈਸਕੁਲਰ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਮੇਂ 'ਤੇ ਸੌਣ ਦੀ ਆਦਤ ਬਣਾਓ।
ਉਦਾਸੀ:ਅੱਜ ਦੇ ਸਮੇਂ 'ਚ ਲੋਕ ਉਦਾਸੀ ਦਾ ਬਹੁਤ ਸ਼ਿਕਾਰ ਹੋ ਰਹੇ ਹਨ। ਇਸ ਪਿੱਛੇ ਇੱਕ ਜ਼ਿੰਮੇਵਾਰ ਕਾਰਨ ਨੀਂਦ ਦੀ ਕਮੀ ਵੀ ਹੋ ਸਕਦੀ ਹੈ। ਘੱਟ ਨੀਂਦ ਕਰਕੇ ਤੁਸੀਂ ਤਣਾਅ ਅਤੇ ਉਦਾਸੀ ਦਾ ਸ਼ਿਕਾਰ ਹੋ ਸਕਦੇ ਹੋ, ਜਿਸ ਕਰਕੇ ਤੁਹਾਡਾ ਸਾਰਾ ਦਿਨ ਖਰਾਬ ਜਾ ਸਕਦਾ ਹੈ।
ਦਿਮਾਗ 'ਤੇ ਅਸਰ:ਨੀਂਦ ਪੂਰੀ ਨਾ ਹੋਣ ਕਰਕੇ ਦਿਮਾਗ 'ਤੇ ਵੀ ਅਸਰ ਪੈ ਸਕਦਾ ਹੈ ਅਤੇ ਤੁਹਾਡੀ ਯਾਦਾਸ਼ਤ ਕੰਮਜ਼ੋਰ ਹੋ ਸਕਦੀ ਹੈ। ਨੀਂਦ ਦੀ ਕਮੀ ਕਰਕੇ ਲੋਕ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲਣ ਲੱਗ ਜਾਂਦੇ ਹਨ ਅਤੇ ਸਾਰਾ ਦਿਨ ਥਕਾਵਟ ਮਹਿਸੂਸ ਕਰਦੇ ਹਨ।
ਚਮੜੀ ਨਾਲ ਜੁੜੀਆਂ ਸਮੱਸਿਆਵਾਂ: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਪਿੱਛੇ ਗਲਤ ਖੁਰਾਕ ਹੀ ਨਹੀਂ, ਸਗੋਂ ਨੀਂਦ ਦੀ ਕਮੀ ਵਰਗੇ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਪੂਰੀ ਨੀਂਦ ਲੈਣ ਦੀ ਕੋਸ਼ਿਸ਼ ਕਰੋ। ਨੀਂਦ ਦੀ ਕਮੀ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਅਤੇ ਝੁਰੜੀਆਂ ਹੋ ਸਕਦੀਆਂ ਹਨ।
ਭਾਰ ਵੱਧ ਸਕਦਾ: ਨੀਂਦ ਦੀ ਕਮੀ ਕਾਰਨ ਭਾਰ ਵਧਣ ਦਾ ਵੀ ਡਰ ਰਹਿੰਦਾ ਹੈ। ਜੇਕਰ ਤੁਸੀਂ ਅੱਠ ਘੰਟੇ ਸੌਂਦੇ ਹੋ, ਤਾਂ ਤੁਹਾਡਾ ਸਰੀਰ ਭੁੱਖ ਨੂੰ ਬਣਾਏ ਰੱਖ ਸਕਦਾ ਹੈ। ਪਰ ਜੇਕਰ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂ ਰਹੇ, ਤਾਂ ਤੁਹਾਡੇ ਹਾਰਮੋਨ ਘਰੇਲਿਨ ਦਾ ਉਤਪਾਦਨ ਵੱਧ ਸਕਦਾ ਹੈ, ਜਿਸ ਨਾਲ ਭੁੱਖ ਵੀ ਵਧਣ ਲੱਗਦੀ ਹੈ। ਇਸ ਕਰਕੇ ਤੁਸੀਂ ਜ਼ਿਆਦਾ ਭੋਜਨ ਖਾ ਲੈਂਦੇ ਹੋ, ਜਿਸ ਨਾਲ ਭਾਰ ਵੱਧਣ ਦਾ ਖਤਰਾ ਰਹਿੰਦਾ ਹੈ।