ਹੈਦਰਾਬਾਦ: ਭਾਰਤੀ ਤਿਉਹਾਰਾਂ 'ਚ ਹਰ ਘਰ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਅਜਿਹੇ 'ਚ ਲੋਕ ਜ਼ਿਆਦਾ ਖਾ ਲੈਂਦੇ ਹਨ। ਤਿਉਹਾਰਾਂ ਮੌਕੇ ਬਣਿਆ ਭੋਜਨ ਮਸਾਲੇਦਾਰ ਹੁੰਦਾ ਹੈ, ਜੋ ਐਸਿਡਿਟੀ ਦਾ ਕਾਰਨ ਬਣ ਜਾਂਦਾ ਹੈ। ਐਸਿਡਿਟੀ ਕਾਰਨ ਖੱਟੇ ਡਕਾਰ, ਉਲਟੀ, ਸਿਰਦਰਦ, ਪੇਟ ਅਤੇ ਗਲੇ 'ਚ ਜਲਨ ਹੋ ਸਕਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਐਸਿਡਿਟੀ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
- ਦਿਨ ਦੀ ਸ਼ੁਰੂਆਤ ਕੋਸੇ ਪਾਣੀ ਨਾਲ ਕਰੋ। ਇਸ ਪਾਣੀ 'ਚ ਅੱਧਾ ਨਿੰਬੂ ਨਿਚੋੜ ਕੇ ਪੀਓ। ਅਜਿਹਾ ਕਰਨ ਨਾਲ ਪੇਟ ਸਾਫ਼ ਰਹੇਗਾ ਅਤੇ ਗੈਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
- ਭੋਜਨ ਖਾਣ ਤੋਂ ਬਾਅਦ ਸੌਫ਼ ਖਾਓ। ਇਸ ਤੋਂ ਇਲਾਵਾ, ਤੁਸੀਂ ਸੌਫ਼ ਦਾ ਪਾਣੀ ਵੀ ਪੀ ਸਕਦੇ ਹੋ। ਇਸ ਪਾਣੀ ਨਾਲ ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਤੁਸੀਂ ਪਹਿਲਾ ਤੋਂ ਹੀ ਐਸਿਡਿਟੀ ਦੀ ਸਮੱਸਿਆ ਦਾ ਸ਼ਿਕਾਰ ਹੋ, ਤਾਂ ਤੁਸੀਂ ਸੌਫ਼ ਖਾ ਸਕਦੇ ਹੋ। ਸੌਫ਼ ਨਾਲ ਪੇਟ ਨੂੰ ਠੰਡਕ ਮਿਲੇਗੀ ਅਤੇ ਐਸਿਡਿਟੀ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
- ਖਾਣਾ ਖਾਂਦੇ ਸਮੇਂ ਤੁਸੀਂ ਨਿੰਬੂ ਪਾਣੀ 'ਚ ਸ਼ੱਕਰ ਅਤੇ ਕਾਲਾ ਲੂਣ ਮਿਲਾ ਕੇ ਪੀ ਸਕਦੇ ਹੋ। ਇਸਨੂੰ ਪੀਣ ਨਾਲ ਆਰਾਮ ਮਿਲੇਗਾ।
- ਐਸਿਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਹੀ ਜਾਂ ਲੱਸੀ ਪੀਣਾ ਵਧੀਆ ਹੈ। ਕਈ ਗੁਣਾਂ ਨਾਲ ਭਰਪੂਰ ਦਹੀ ਤੁਹਾਡੇ ਪੇਟ ਲਈ ਵਧੀਆਂ ਹੁੰਦਾ ਹੈ।
- ਜੇਕਰ ਤੁਹਾਨੂੰ ਰੋਜ਼ਾਨਾ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ, ਤਾਂ ਤੁਸੀਂ ਅਜਵਾਈਨ ਦਾ ਪਾਣੀ ਪੀ ਸਕਦੇ ਹੋ। ਇਸ ਨਾਲ ਪਾਚਨ ਅਤੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਇੱਕ ਗਲਾਸ ਪਾਣੀ 'ਚ ਅਜਵਾਈਨ ਨੂੰ ਪਕਾ ਲਓ। ਫਿਰ ਕੋਸੇ ਪਾਣੀ ਨੂੰ ਠੰਡਾ ਕਰਕੇ ਪੀ ਲਓ।
- ਐਸਿਡਿਟੀ ਤੋਂ ਬਚਣ ਲਈ ਜੀਰਾ ਵੀ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਇੱਕ ਚਮਚ ਜੀਰੇ ਨੂੰ ਦੋ ਕੱਪ ਪਾਣੀ 'ਚ ਉਬਾਲ ਲਓ। ਫਿਰ ਇਸਨੂੰ ਠੰਡਾ ਕਰਕੇ ਛਾਣ ਕੇ ਪੀ ਲਓ।