ਹੈਦਰਾਬਾਦ: ਅੱਜ ਕੱਲ੍ਹ ਕਈ ਕਿਸਮਾਂ ਦੀਆਂ ਚਾਹ ਜਿਵੇਂ ਕਿ ਗ੍ਰੀਨ ਟੀ, ਲੈਮਨ ਟੀ, ਹਰਬਸ ਟੀ, ਫਲਾਵਰ ਟੀ, ਡੀਟੌਕਸ ਚਾਹ ਅਤੇ ਦੁੱਧ ਵਾਲੀ ਚਾਹ ਆਦਿ ਦਾ ਰੁਝਾਨ ਹੈ। ਦੁੱਧ ਵਾਲੀ ਚਾਹ ਪੀਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਮੌਸਮ ਭਾਵੇਂ ਕੋਈ ਵੀ ਹੋਵੇ, ਦੁੱਧ ਵਾਲੀ ਚਾਹ ਦੇ ਸ਼ੌਕੀਨ ਹਰ ਮੌਸਮ ਵਿੱਚ ਅਤੇ ਹਰ ਸਮੇਂ ਚਾਹ ਦਾ ਆਨੰਦ ਲੈਣਾ ਪਸੰਦ ਕਰਦੇ ਹਨ। ਖਾਸ ਕਰਕੇ ਮੀਂਹ ਦੇ ਮੌਸਮ ਵਿੱਚ ਚਾਹ ਪੀਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਇਸ ਕਾਰਨ ਕਈ ਲੋਕ ਦਿਨ ਵਿੱਚ ਕਈ ਕੱਪ ਚਾਹ ਪੀ ਲੈਂਦੇ ਹਨ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਵਾਲੀ ਚਾਹ ਦਾ ਜ਼ਿਆਦਾ ਸੇਵਨ ਕਈ ਵਾਰ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਮੀਂਹ ਦੇ ਮੌਸਮ ਵਿੱਚ ਠੰਢਕ ਅਤੇ ਨਮੀ ਦੇ ਕਾਰਨ ਗਰਮ ਚਾਹ ਪੀਣ ਨਾਲ ਆਰਾਮਦਾਇਕ ਅਤੇ ਸੁਹਾਵਣਾ ਮਹਿਸੂਸ ਹੁੰਦਾ ਹੈ। ਜੇਕਰ ਦੁੱਧ ਵਾਲੀ ਚਾਹ 'ਚ ਅਦਰਕ, ਇਲਾਇਚੀ ਅਤੇ ਤੁਲਸੀ ਵਰਗੀਆਂ ਸਮੱਗਰੀਆਂ ਮਿਲਾ ਦਿੱਤੀਆਂ ਜਾਣ, ਤਾਂ ਇਹ ਹੋਰ ਵੀ ਸੁਆਦੀ ਬਣ ਜਾਂਦੀ ਹੈ। ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮੁੰਬਈ ਦੇ ਨਿਊਟ੍ਰੀਸ਼ਨਿਸਟ ਅਤੇ ਡਾਇਟੀਸ਼ੀਅਨ ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਦੁੱਧ ਵਾਲੀ ਚਾਹ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਤੇ ਕਈ ਵਾਰ ਨੁਕਸਾਨਦੇਹ ਪ੍ਰਭਾਵ ਪੈ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
ਪਾਚਨ ਸੰਬੰਧੀ ਸਮੱਸਿਆਵਾਂ: ਦੁੱਧ ਵਾਲੀ ਚਾਹ ਜ਼ਿਆਦਾ ਮਾਤਰਾ 'ਚ ਪੀਣ ਨਾਲ ਗੈਸ, ਬਲੋਟਿੰਗ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੀਂਹ ਦੇ ਮੌਸਮ 'ਚ ਪਾਚਨ ਤੰਤਰ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਅਜਿਹੇ 'ਚ ਜੇਕਰ ਕਿਸੇ ਵੀ ਕਾਰਨ ਚਾਹ ਦਾ ਜ਼ਿਆਦਾ ਸੇਵਨ ਕੀਤਾ ਜਾਵੇ, ਤਾਂ ਇਸ ਨਾਲ ਵਿਅਕਤੀ 'ਚ ਪਾਚਨ ਤੰਤਰ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਐਸੀਡਿਟੀ ਦੇ ਮਰੀਜ਼ਾਂ ਨੂੰ ਦੁੱਧ ਵਾਲੀ ਚਾਹ ਦੇ ਜ਼ਿਆਦਾ ਸੇਵਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਹੱਡੀਆਂ 'ਤੇ ਪ੍ਰਭਾਵ: ਦੁੱਧ ਵਾਲੀ ਚਾਹ ਵਿੱਚ ਟੈਨਿਨ ਅਤੇ ਕੈਫੀਨ ਹੁੰਦਾ ਹੈ, ਜੋ ਸਰੀਰ ਵਿੱਚ ਕੈਲਸ਼ੀਅਮ ਦੇ ਸੋਖਣ ਨੂੰ ਰੋਕ ਸਕਦਾ ਹੈ। ਇਸ ਨਾਲ ਹੱਡੀਆਂ ਦੀ ਸਿਹਤ 'ਤੇ ਅਸਰ ਪੈ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਓਸਟੀਓਪੋਰੋਸਿਸ ਦਾ ਖ਼ਤਰਾ ਵੱਧ ਸਕਦਾ ਹੈ।