ਬਠਿੰਡਾ: ਕੰਗਨਾ ਰਣੌਤ ਵੱਲੋਂ ਬਣਾਈ ਗਈ ਫ਼ਿਲਮ ਐਂਮਰਜੈਂਸੀ ਨੂੰ ਲੈ ਕੇ ਭਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਭਰ 'ਚ ਵਿਰੋਧ ਕੀਤਾ ਜਾਵੇਗਾ। ਐਸਜੀਪੀਸੀ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਸਿੱਖਾਂ ਨੂੰ ਬਦਨਾਮ ਕਰਨ ਦੇ ਮੰਤਵ ਨਾਲ ਸਿੱਖ ਕਤਲੇਆਮ ਤੇ ਨਸਲਕੁਸ਼ੀ ਨੂੰ ਦਬਾ ਕੇ ਸਿੱਖ ਵਿਰੋਧੀ ਏਜੰਡੇ ਵਿਰੁੱਧ ਸਿੱਖ ਕੌਮ ਦੇ ਪ੍ਰਤੀ ਜ਼ਹਿਰ ਉਗਲਣ ਦੀ ਭਾਵਨਾ ਦੇ ਤਹਿਤ ਨੀਤੀਗਤ ਢੰਗ ਨਾਲ ਬਣਾਈ ਗਈ ਹੈ।
ਕੱਲ੍ਹ 17 ਜਨਵਰੀ ਨੂੰ ਲੱਗਣ ਜਾ ਰਹੀ ਹੈ ਫਿਲਮ
ਦੱਸ ਦਈਏ ਇਹ ਫਿਲਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ 17 ਜਨਵਰੀ ਕੱਲ੍ਹ ਨੂੰ ਲੱਗਣ ਜਾ ਰਹੀ ਹੈ। ਇਸ ਫਿਲਮ ਨੂੰ ਰੋਕਣ ਦੇ ਲਈ ਸਮੂਹ ਐੱਸਜੀਪਿਸੀ ਦੇ ਮੈਬਰ ਅਤੇ ਵਰਕਰ ਕੱਲ ਇਨ੍ਹਾਂ ਵੱਖ-ਵੱਖ ਥਾਵਾਂ ਤੇ ਇਕੱਠੇ ਹੋ ਰਹੇ ਹਨ। ਫ਼ਿਲਮ ਦਾ ਵਿਰੋਧ ਕਰਨ ਲਈ ਕੱਲ੍ਹ 17 ਜਨਵਰੀ ਨੂੰ ਬੱਸ ਸਟੈਂਡ ਦੇ ਨੇੜੇ ਸੂਰਜ ਚੰਦਾ ਤਾਰਾ ਸਿਨੇਮਾ ਘਰਾਂ ਦੇ ਬਾਹਰ ਕਮੇਟੀ ਦਾ ਸਮੁੱਚਾ ਸਟਾਫ਼ ਰੋਸ ਪ੍ਰਦਰਸ਼ਨ ਕਰੇਗਾ। ਉਥੇ ਹੀ ਮਾਲ ਆਫ ਅੰਮ੍ਰਿਤਸਰ ਅਲਫ਼ਾ ਵਨ ਵਿੱਖੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਦਾ ਸਮੂਹ ਸਟਾਫ਼ ਸਵੇਰੇ 9 ਵਜੇ ਪ੍ਰਦਰਸ਼ਨ ਕਰੇਗਾ।
ਫਿਲਮ ਦਾ ਹੋਵੇਗਾ ਡਟਵਾਂ ਵਿਰੋਧ
ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਫਿਲਮ ਤੇ ਰੋਕ ਲਗਵਾਉਣ ਦੀ ਮੰਗ ਕੀਤੀ ਗਈ ਹੈ। ਬਠਿੰਡਾ ਦੇ ਇਤਿਹਾਸਿਕ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਫਿਲਮ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਜਿਸ ਕਰਕੇ ਉਹਨਾਂ ਨੇ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਫਿਲਮ ਬੈਨ ਨਹੀਂ ਕੀਤੀ ਜਾਂਦੀ ਅਤੇ ਫਿਲਮ ਸਿਨੇਮਾ ਘਰਾਂ ਵਿੱਚ ਲਗਾਈ ਜਾਂਦੀ ਹੈ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਹੋਣ ਵਾਲੇ ਨੁਕਸਾਨ ਦਾ ਸਰਕਾਰ ਜ਼ਿੰਮੇਵਾਰ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ, ਇਸ ਦੇ 17 ਜਨਵਰੀ 2025 ਨੂੰ ਰੀਲੀਜ਼ ਹੋਣ ਉੱਤੇ ਪੰਜਾਬ ਅੰਦਰ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ… pic.twitter.com/IuT9yLYDBS
— Shiromani Gurdwara Parbandhak Committee (@SGPCAmritsar) January 16, 2025
ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮੁੱਦੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤਾਂ ਇਸ ਨਾਲ ਸਿੱਖ ਭਾਈਚਾਰੇ ਵਿੱਚ ਗੁੱਸਾ ਅਤੇ ਰੋਸ ਪੈਦਾ ਹੋਵੇਗਾ। ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੂਬੇ ਵਿੱਚ ਇਸ ਫਿਲਮ 'ਤੇ ਪਾਬੰਦੀ ਲਗਾਈ ਜਾਵੇ। ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਸਖ਼ਤ ਵਿਰੋਧ ਕਰੇਗੀ।
'ਪੰਜਾਬ ਦੀ ਸ਼ਾਂਤੀ ਦੇਖਦੇ ਹੋਏ ਆਪਣਾ ਫੈਸਲਾ ਲਵੇਗੀ ਸਰਕਾਰ'
ਫਿਲਮ ਐਮਰਜੈਂਸੀ ਬਾਰੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਚਿੱਠੀ ਨਹੀਂ ਦੇਖੀ ਹੈ, ਮੁੱਖ ਮੰਤਰੀ ਸਾਹਿਬ ਇਸ ਨੂੰ ਦੇਖਣਗੇ ਕਿਉਂਕਿ ਮੈਂ ਅਜੇ ਫਿਲਮ ਨਹੀਂ ਦੇਖੀ, ਪਰ ਪੰਜਾਬ ਦੀ ਸ਼ਾਂਤੀ ਦੇਖਦੇ ਹੋਏ ਸਰਕਾਰ ਆਪਣਾ ਫੈਸਲਾ ਲਵੇਗੀ।