ਬਠਿੰਡਾ: ਤੁਸੀਂ ਬਹੁਤ ਮਹਿੰਗੇ ਤੋਂ ਮਹਿੰਗੇ ਵਿਆਹ ਦੇਖੇ ਹੋਣਗੇ ਪਰ ਕਈ ਵਿਆਹ ਅਜਿਹੇ ਹੁੰਦੇ ਨੇ ਜੋ ਇੱਕ ਅਲੱਗ ਹੀ ਤਸਵੀਰ ਮਨਾਂ 'ਤੇ ਬਣਾ ਜਾਂਦੇ ਹਨ। ਇੱਕ ਅਜਿਹਾ ਹੀ ਵਿਆਹ ਇਤਿਹਾਸਿਕ ਨਗਰ ਦਮਦਮਾ ਸਾਹਿਬ ਤਲਵੰਡੀ ਸਾਬੋ 'ਚ ਵੇਖਣ ਨੂੰ ਮਿਲਿਆ। ਜਿੱਥੇ ਗੁਰਸਿੱਖ ਜੋੜੀ ਨੇ ਆਪਣਾ ਵਿਆਹ ਪੂਰਨ ਸਿੱਖ ਰੀਤੀ ਰਿਵਾਜ ਨਾਲ ਕਰਵਾਇਆ ਹੈ। ਵਿਆਹ ਦੀ ਸਭ ਤੋਂ ਖ਼ਾਸ ਗੱਲ ਰਹੀ ਵਿਦੇਸ਼ੀ ਲਾੜੀ ਅਤੇ ਗੱਤਕਾ।

ਵਿਆਹ 'ਚ ਗੱਤਕੇ ਦੇ ਜੌਹਰ
ਕਾਬਲੇਜ਼ਿਕਰ ਹੈ ਕਿ ਜਿੱਥੇ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਉੱਥੇ ਹੀ ਇਸ ਵਿਆਹ 'ਚ ਗੱਤਕੇ ਦੇ ਜੌਹਰ ਵਿਖਾਏ ਗਏ। ਗੁਰੂ ਦੀਆਂ ਲਾਡੀਆਂ ਫੌਜ਼ਾਂ ਨੇ ਗੱਤਕੇ ਦੇ ਕਰਤੱਬ ਦਿਖਾ ਕੇ ਸਭ ਨੂੰ ਚੜ੍ਹਦੀਕਲਾ ਦਾ ਸੁਨੇਹਾ ਦਿੱਤਾ। ਇਸ ਕਾਰਨ ਹਰ ਪਾਸੇ ਇਸ ਵਿਆਹ ਦੇ ਚਰਚੇ ਹੋ ਰਹੇ ਹਨ।
ਕੈਲੀਫੋਰਨੀਆ ਤੋਂ ਆਈ ਲਾੜੀ
ਕਾਬਲੇਜ਼ਿਕਰ ਹੈ ਕਿ ਇਸ ਵਿਆਹ 'ਚ ਲਾੜੀ ਖਿੱਚ ਦਾ ਕੇਂਦਰ ਰਹੀ। ਇਸ ਦਾ ਕਾਰਨ ਹੈ ਕਿ ਵਿਦੇਸ਼ੀ ਧਰਤੀ ਯਾਨੀ ਕਿ ਕੈਲੀਫੋਰਨੀਆ ਤੋਂ ਆਈ ਲਾੜੀ ਨੇ ਬਹੁਤ ਹੀ ਸਾਦੇ ਢੰਗ ਨਾਲ ਵਿਆਹ ਕਰਵਾਇਆ ਹੈ। ਦੋਵੇਂ ਪਰਿਵਾਰ ਗੁਰਸਿੱਖ ਹਨ। ਇਸ ਗੁਰਸਿੱਖ ਜੋੜੀ ਨੇ ਵੀ ਸਿੱਖੀ ਸਿਧਾਤਾਂ ਮੁਤਾਬਿਕ ਹੀ ਗੁਰੂ ਦੀ ਹਾਜ਼ਰੀ 'ਚ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ। ਤੁਹਾਨੂੰ ਦੱਸ ਦਈਏ ਕਿ ਹਰਸਿਮਰਨ ਕੌਰ ਅਤੇ ਗੁਰਮੀਤ ਸਿੰਘ ਨੇ ਇੱਕ ਦੂਜੇ ਦਾ ਪੱਲਾ ਗੁਰੂ ਦੀ ਹਜ਼ੂਰੀ 'ਚ ਫੜ੍ਹਿਆ।
ਗੁਰੂ ਸਾਹਿਬਾਨਾਂ ਤੋਂ ਮਿਲੀ ਸਿੱਖਿਆ
ਗੁਰਸਿੱਖ ਨੌਜਵਾਨ ਨੇ ਕਿਹਾ ਸਾਨੂੰ ਆਪਣੇ ਪੁਰਖਿਆਂ ਅਤੇ ਗੁਰੂ ਸਾਹਿਬਾਨਾਂ ਤੋਂ ਜੋ ਸਿੱਖਿਆ ਮਿਲੀ ਹੈ। ਉਸ ਮੁਤਾਬਿਕ ਚੱਲਣਾ ਚਾਹੀਦਾ ਅਤੇ ਉਹਨਾਂ ਨੇ ਵੀ ਆਪਣੇ ਪੁਰਖਿਆਂ ਅਤੇ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ 'ਤੇ ਚੱਲਦੇ ਹੋਏ ਅੱਜ ਗੁਰ ਮਰਿਆਦਾ ਅਨੁਸਾਰ ਵਿਆਹ ਸਮਾਗਮ ਕੀਤਾ ਹੈ। " ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਗੁਰਮੀਤ ਸਿੰਘ ਨੇ ਕਿਹਾ ਕਿ ਜੋ ਵੀ ਗੁਰੂ ਨਾਨਕ ਸਾਹਿਬ ਅਤੇ ਦਸਵੇਂ ਗੁਰੂ ਸਾਹਿਬ ਨੂੰ ਮੰਨਦੇ ਨੇ ੳੇੁਨ੍ਹਾਂ ਨੂੰ ਇਸੇ ਤਰ੍ਹਾਂ ਹੀ ਸਿੱਖੀ ਦੀ ਮਰਿਆਦਾ ਨਾਲ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।"
ਜੋੜੀ ਨੂੰ ਆਸ਼ੀਰਵਾਦ
ਵਿਆਹ ਸਮਾਗਮ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਜਗਤਾਰ ਸਿੰਘ ਤੋਂ ਇਲਾਵਾ ਸਿੱਖ ਮਹਾਂਪੁਰਸ਼ਾਂ ਨੇ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਸ਼ਿਰਕਤ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਆਖਿਆ ਕਿ "ਵਿਦੇਸ਼ਾਂ ਵਿੱਚੋਂ ਆਏ ਲੋਕ ਜਿੱਥੇ ਵਿਆਹ ਸਮਾਗਮਾਂ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਨੇ, ਪਰ ਦਮਦਮਾ ਸਾਹਿਬ ਦੇ ਇਸ ਗੁਰਸਿੱਖ ਨੌਜਵਾਨ ਅਤੇ ਕੈਲੀਫੋਰਨੀਆ ਤੋਂ ਆਈ ਡਾਕਟਰ ਪੂਰਨ ਗੁਰਸਿੱਖ ਲੜਕੀ ਨੇ ਆਪਣਾ ਵਿਆਹ ਸਮਾਗਮ ਸਾਦੇ ਢੰਗ ਨਾਲ ਕਰਕੇ ਉਹ ਹੋਰਨਾਂ ਲੋਕਾਂ ਲਈ ਮਿਸਾਲ ਬਣੇ ਹਨ। ਇੰਨ੍ਹਾਂ ਨੇ ਇੱਕ ਚੰਗਾ ਸੁਨੇਹਾ ਵੀ ਸਮਾਜ ਨੂੰ ਦਿੱਤਾ ਹੈ।"
