ਮਾਨਸਾ: ਦੇਰ ਰਾਤ ਹੋਈ ਹਲਕੀ ਬਾਰਿਸ਼ ਦੇ ਨਾਲ ਮਾਨਸਾ ਦੇ ਪਿੰਡ ਭੰਮੇ ਕਲਾਂ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਛੱਡ ਡਿੱਗ ਗਈ। ਛੱਡ ਡਿੱਗਣ ਕਾਰਨ ਇੱਕ ਬਜ਼ੁਰਗ ਮਾਤਾ ਸਮੇਤ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ਼ ਦੇ ਲਈ ਭਰਤੀ ਕਰਵਾਇਆ ਗਿਆ ਹੈ।
ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰ
ਜ਼ਖ਼ਮੀ ਵਿੱਚ ਬਜ਼ੁਰਗ ਔਰਤ ਸੁਰਜੀਤ ਕੌਰ (70) ਉਸ ਦੇ ਪੋਤਰਾ ਸਤਿਨਾਮ ਸਿੰਘ (20) ਅਤੇ ਅਰਸ਼ਦੀਪ ਸਿੰਘ (17) ਸ਼ਾਮਲ ਹਨ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਛੱਡ ਹੇਠੋਂ ਕੱਢ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖ਼ਮੀ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਗਰੀਬ ਪਰਿਵਾਰ ਹੋਣ ਦੇ ਚੱਲਦਿਆਂ ਘਰ ਦੀ ਛੱਤ ਦੀ ਹਾਲਤ ਖਸਤਾ ਸੀ, ਜਿਸ ਦੇ ਚੱਲਦਿਆਂ ਦੇਰ ਰਾਤ ਹਲਕੀ ਬਾਰਿਸ਼ ਹੋਣ ਕਾਰਨ ਹੀ ਘਰ ਦੀ ਛੱਤ ਡਿੱਗ ਗਈ।
ਸਰਕਾਰ ਤੋਂ ਮਦਦ ਦੀ ਅਪੀਲ
ਜ਼ਖਮੀ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਸੌਂ ਰਿਹਾ ਸੀ। ਹਲਕੀ ਬਾਰਿਸ਼ ਦੌਰਾਨ ਛੱਤ ਅਚਾਨਕ ਡਿੱਗ ਗਈ। ਉਹ ਮਲਬੇ ਹੇਠ ਦੱਬ ਗਏ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ। ਪਰਿਵਾਰ ਦੀ ਰਿਸ਼ਤੇਦਾਰ ਬਲਜੀਤ ਕੌਰ ਨੇ ਦੱਸਿਆ ਕਿ ਘਰ ਦੀ ਛੱਤ ਦਾ ਪਹਿਲਾਂ ਹੀ ਬੁਰਾ ਹਾਲ ਸੀ। ਆਰਥਿਕ ਤੰਗੀ ਕਾਰਨ ਉਹ ਛੱਤ ਦੀ ਮੁਰੰਮਤ ਨਹੀਂ ਕਰਵਾ ਸਕਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਦੀ ਮਦਦ ਨਾਲ ਉਹ ਘਰ ਦੀ ਛੱਤ ਦੀ ਮੁਰੰਮਤ ਕਰਵਾ ਕੇ ਜ਼ਖਮੀਆਂ ਦਾ ਇਲਾਜ ਕਰਵਾਉਣਗੇ।