ਹੈਦਰਾਬਾਦ: ਗੰਨੇ ਦਾ ਰਸ ਇੱਕ ਮਿੱਠਾ ਪੀਣ ਵਾਲਾ ਪਦਾਰਥ ਹੈ। ਗੰਨੇ ਦਾ ਰਸ ਬਹੁਤ ਸਾਰੇ ਸਿਹਤ ਲਾਭਾਂ ਦੇ ਨਾਲ ਇੱਕ ਕੁਦਰਤੀ ਡਰਿੰਕ ਵਜੋਂ ਵੀ ਜਾਣਿਆ ਜਾਂਦਾ ਹੈ। ਗੰਨੇ ਦੇ ਰਸ ਦੀ ਵਰਤੋਂ ਜਿਗਰ, ਗੁਰਦੇ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਪਰ ਕਈ ਲੋਕਾਂ ਦੇ ਮਨ 'ਚ ਸਵਾਲ ਉੱਠਦਾ ਹੈ ਕਿ ਗੰਨੇ ਦਾ ਰਸ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਜਾਂ ਨਹੀਂ।
ਗੰਨੇ ਦਾ ਰਸ ਕੀ ਹੈ?: ਗੰਨੇ ਦਾ ਰਸ ਇੱਕ ਮਿੱਠਾ ਸ਼ਰਬਤ ਹੈ, ਜੋ ਗੰਨੇ ਦੇ ਛਿਲਕੇ ਤੋਂ ਕੱਢਿਆ ਜਾਂਦਾ ਹੈ। ਇਹ ਅਕਸਰ ਸੜਕਾਂ ਦੇ ਵਿਕਰੇਤਾਵਾਂ ਦੁਆਰਾ ਵੇਚਿਆ ਜਾਂਦਾ ਹੈ, ਜੋ ਇਸਨੂੰ ਨਿੰਬੂ ਜਾਂ ਹੋਰ ਜੂਸ ਵਿੱਚ ਮਿਲਾਉਂਦੇ ਹਨ ਅਤੇ ਇਸ 'ਚ ਬਰਫ਼ ਪਾ ਕੇ ਵੇਚਦੇ ਹਨ। ਇਸ ਤੋਂ ਇਲਾਵਾ, ਗੰਨੇ ਦੇ ਰਸ ਦੀ ਵਰਤੋਂ ਗੰਨੇ ਦੀ ਖੰਡ, ਭੂਰੀ ਸ਼ੂਗਰ, ਗੁੜ੍ਹ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਸਦੇ ਨਾਲ ਹੀ, ਗੰਨੇ ਦੀ ਵਰਤੋਂ ਰਮ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਗੰਨੇ ਦਾ ਰਸ ਸ਼ੁੱਧ ਖੰਡ ਨਹੀਂ ਹੈ। ਗੰਨੇ ਦੇ ਰਸ ਦੀ ਪੌਸ਼ਟਿਕ ਰਚਨਾ ਵਿੱਚ ਲਗਭਗ 70-75 ਫੀਸਦੀ ਪਾਣੀ, ਲਗਭਗ 10-15 ਫੀਸਦੀ ਫਾਈਬਰ ਅਤੇ 13-15 ਫੀਸਦੀ ਖੰਡ ਸੁਕਰੋਜ਼ ਪਾਈ ਜਾਂਦੀ ਹੈ। ਗੰਨਾ ਦੁਨੀਆ ਵਿੱਚ ਸਭ ਤੋਂ ਵੱਧ ਟੇਬਲ ਸ਼ੂਗਰ ਦਾ ਮੁੱਖ ਸਰੋਤ ਹੈ। ਇਸ ਦੇ ਨਾਲ ਹੀ, ਗੰਨੇ ਦੇ ਰਸ ਨੂੰ ਫੀਨੋਲਿਕ ਅਤੇ ਫਲੇਵੋਨੋਇਡ ਐਂਟੀਆਕਸੀਡੈਂਟਸ ਦਾ ਭਰਪੂਰ ਸਰੋਤ ਵੀ ਮੰਨਿਆ ਜਾਂਦਾ ਹੈ। ਗੰਨੇ ਦੇ ਰਸ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਮੁੱਖ ਕਾਰਨ ਹਨ ਜੋ ਕੁਝ ਲੋਕ ਦਾਅਵਾ ਕਰਦੇ ਹਨ ਕਿ ਇਹ ਸਿਹਤਮੰਦ ਹੈ, ਕਿਉਕਿ ਗੰਨੇ ਦੇ ਰਸ ਨੂੰ ਹੋਰ ਮਿੱਠੇ ਪੀਣ ਵਾਲੇ ਪਦਾਰਥਾਂ ਵਾਂਗ ਪ੍ਰੋਸੈਸ ਨਹੀਂ ਕੀਤਾ ਜਾਂਦਾ ਹੈ। ਇਸ ਲਈ ਗੰਨੇ ਦਾ ਰਸ ਅਜੇ ਵੀ ਇਸਦੇ ਭਰਪੂਰ ਵਿਟਾਮਿਨ ਅਤੇ ਖਣਿਜ ਪਦਾਰਥਾਂ ਸਮੇਤ ਇਸਦੀ ਪੋਸ਼ਕ ਰਚਨਾ ਦਾ ਬਹੁਤ ਸਾਰਾ ਹਿੱਸਾ ਬਰਕਰਾਰ ਰੱਖਦਾ ਹੈ। ਗੰਨੇ ਦੇ ਰਸ ਵਿੱਚ ਪੋਟਾਸ਼ੀਅਮ ਵਰਗੇ ਇਲੈਕਟ੍ਰੋਲਾਈਟਸ ਵੀ ਹੁੰਦੇ ਹਨ।
ਗੰਨੇ ਦੇ ਰਸ ਵਿੱਚ ਸ਼ੂਗਰ ਦੀ ਮਾਤਰਾ:ਕੁਝ ਪੌਸ਼ਟਿਕ ਤੱਤ ਪ੍ਰਦਾਨ ਕਰਨ ਦੇ ਬਾਵਜੂਦ ਗੰਨੇ ਦੇ ਰਸ ਵਿੱਚ ਅਜੇ ਵੀ ਖੰਡ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਵਧੇਰੇ ਹੁੰਦੀ ਹੈ। 240 ਮਿਲੀਲੀਟਰ ਗੰਨੇ ਦੇ ਰਸ ਵਿੱਚ ਕੈਲੋਰੀ 183, ਪ੍ਰੋਟੀਨ 0 ਗ੍ਰਾਮ, ਚਰਬੀ 0 ਗ੍ਰਾਮ, ਚੀਨੀ 50 ਗ੍ਰਾਮ ਅਤੇ ਫਾਈਬਰ 0-13 ਗ੍ਰਾਮ ਹੁੰਦੀ ਹੈ। ਗੰਨੇ ਦੇ ਰਸ ਵਿੱਚ ਭਿੰਨਤਾ ਦੇ ਆਧਾਰ 'ਤੇ ਵੱਖ-ਵੱਖ ਮਾਤਰਾ ਵਿੱਚ ਫਾਈਬਰ ਪਾਏ ਜਾਂਦੇ ਹਨ। ਕੁਝ ਉੱਚ-ਕਾਰਬੋਹਾਈਡਰੇਟ ਵਾਲੇ ਭੋਜਨ ਅਤੇ ਪੀਣ ਵਾਲੇ ਪਦਾਰਥ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਵਧਾ ਸਕਦੇ ਹਨ। ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਗੰਨੇ ਦੇ ਰਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦਾ ਰਸ ਪੀਣਾ ਚਾਹੀਦਾ ਹੈ ਜਾਂ ਨਹੀਂ?: ਜੇਕਰ ਤੁਹਾਨੂੰ ਸ਼ੂਗਰ ਹੈ, ਤਾਂ ਗੰਨੇ ਦਾ ਰਸ ਪੀਣਾ ਤੁਹਾਡੇ ਲਈ ਫਾਇਦੇਮੰਦ ਨਹੀਂ ਹੈ। ਗੰਨੇ ਦੇ ਰਸ ਵਿੱਚ ਮੌਜੂਦ ਚੀਨੀ ਦੀ ਵੱਡੀ ਮਾਤਰਾ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਖਤਰਨਾਕ ਤਰੀਕੇ ਨਾਲ ਵਧਾ ਸਕਦੀ ਹੈ। ਇਸ ਲਈ ਸਰੀਰ 'ਤੇ ਇਸਦੇ ਮਾੜੇ ਪ੍ਰਭਾਵਾਂ ਨੂੰ ਸੀਮਤ ਕਰਨ ਲਈ ਤੁਹਾਨੂੰ ਇਸ ਡਰਿੰਕ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ। ਗੰਨੇ ਦਾ ਰਸ ਖੰਡ ਨਾਲ ਭਰਪੂਰ ਹੁੰਦਾ ਹੈ, ਜੋ ਕਿ ਸ਼ੂਗਰ ਵਾਲੇ ਲੋਕਾਂ ਲਈ ਇੱਕ ਬੁਰਾ ਵਿਕਲਪ ਹੈ। ਜੇਕਰ ਤੁਹਾਨੂੰ ਡਾਇਬਟੀਜ਼ ਹੈ ਜਾਂ ਇਸ ਦੇ ਹੋਣ ਦਾ ਖਤਰਾ ਹੈ, ਤਾਂ ਗੰਨੇ ਦੇ ਰਸ ਦੀ ਬਜਾਏ ਬਿਨ੍ਹਾਂ ਮਿੱਠੀ ਕੌਫੀ, ਚਾਹ ਜਾਂ ਫਲਾਂ ਦਾ ਰਸ ਚੁਣੋ।