ਮੁੰਬਈ:14 ਅਪ੍ਰੈਲ 2024 ਨੂੰ ਸਲਮਾਨ ਦੇ ਬਾਂਦਰਾ ਸਥਿਤ ਘਰ ਦੇ ਬਾਹਰ ਹੋਈ ਫਾਈਰਿੰਗ ਤੋਂ ਬਾਅਦ ਦੇਸ਼ ਭਰ 'ਚ ਸਲਮਾਨ ਖਾਨ ਦੇ ਪ੍ਰਸ਼ੰਸਕ ਇਸ ਸਟਾਰ ਲਈ ਚਿੰਤਤ ਹਨ। ਫਾਈਰਿੰਗ ਮਾਮਲੇ ਦੇ ਦੋ ਮੁਲਜ਼ਮਾਂ ਸਾਗਰ ਪਾਲ ਅਤੇ ਵਿੱਕੀ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਭੁਜ ਲਿਆਂਦਾ ਗਿਆ। ਹੁਣ ਉਹ ਅਗਲੇਰੀ ਜਾਂਚ ਲਈ ਮੁੰਬਈ ਵਿੱਚ ਹਨ।
ਗਾਜ਼ੀਆਬਾਦ ਤੋਂ ਇੱਕ ਵਿਅਕਤੀ ਗ੍ਰਿਫਤਾਰ: ਹੁਣ ਮੁੰਬਈ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂਅ 'ਤੇ ਸਲਮਾਨ ਖਾਨ ਦੇ ਘਰ ਤੋਂ ਬਾਂਦਰਾ ਪੁਲਿਸ ਸਟੇਸ਼ਨ ਤੱਕ ਕੈਬ ਬੁੱਕ ਕੀਤੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਪੁਲਿਸ ਨੇ ਯੂਪੀ ਦੇ ਗਾਜ਼ੀਆਬਾਦ ਤੋਂ 20 ਸਾਲ ਦੇ ਰੋਹਿਤ ਤਿਆਗੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂਅ 'ਤੇ ਅਦਾਕਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਤੋਂ ਬਾਂਦਰਾ ਪੁਲਿਸ ਸਟੇਸ਼ਨ ਤੱਕ ਕਾਰ ਬੁੱਕ ਕਰਵਾਈ ਸੀ। ਉਸ ਨੂੰ ਦੋ ਦਿਨਾਂ ਲਈ ਬਾਂਦਰਾ ਪੁਲਿਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੱਛ ਪੁਲਿਸ ਨੇ ਸਲਮਾਨ ਖਾਨ ਦੇ ਘਰ ਫਾਈਰਿੰਗ ਮਾਮਲੇ 'ਚ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਸੀ। ਮੁਲਜ਼ਮ ਵਿੱਕੀ ਗੁਪਤਾ (24) ਅਤੇ ਸਾਗਰ ਪਾਲ (21) ਨੂੰ ਮੈਡੀਕਲ ਟੈਸਟ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੱਛ ਦੇ ਡੀਐਸਪੀ ਏਆਰ ਜ਼ੰਕਾਂਤ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸਨ।
ਉਲੇਖਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੀਆਂ ਧਮਕੀਆਂ ਤੋਂ ਬਾਅਦ ਨਵੰਬਰ 2022 ਤੋਂ ਸਲਮਾਨ ਦੇ ਸੁਰੱਖਿਆ ਪੱਧਰ ਨੂੰ ਵਾਈ-ਪਲੱਸ 'ਤੇ ਅਪਗ੍ਰੇਡ ਕੀਤਾ ਗਿਆ ਹੈ। ਅਦਾਕਾਰ ਨੂੰ ਇੱਕ ਨਿੱਜੀ ਪਿਸਤੌਲ ਰੱਖਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ ਅਤੇ ਵਾਧੂ ਸੁਰੱਖਿਆ ਲਈ ਉਹਨਾਂ ਨੇ ਇੱਕ ਨਵੀਂ ਬੁਲੇਟ ਪਰੂਫ ਕਾਰ ਵੀ ਖਰੀਦੀ ਹੈ।