ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਸੁਨਹਿਰੇ ਰਹੇ ਯੁੱਗ ਦਾ ਅਹਿਮ ਹਿੱਸਾ ਰਹੇ ਹਨ ਅਦਾਕਾਰ ਯੋਗੇਸ਼ ਛਾਬੜਾ, ਜੋ ਲੰਮੇਂ ਸਮੇਂ ਬਾਅਦ ਪਾਲੀਵੁੱਡ 'ਚ ਮੁੜ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਬਾਖ਼ੂਬੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਟਰੈਵਲ ਏਜੰਟ', ਜਿਸ ਦਾ ਨਿਰਦੇਸ਼ਨ ਬਲਜਿੰਦਰ ਸਿੰਘ ਸਿੱਧੂ ਕਰ ਰਹੇ ਹਨ।
'ਗੋਬਿੰਦ ਫਿਲਮ ਕ੍ਰਿਏਸ਼ਨਜ ਪ੍ਰਾਈ. ਲਿਮਿ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਸਤਵਿੰਦਰ ਸਿੰਘ ਮਠਾੜੂ ਕਰ ਰਹੇ ਹਨ, ਜੋ ਖੁਦ ਇਸ ਫਿਲਮ ਨਾਲ ਬਤੌਰ ਨਿਰਮਾਤਾ ਪੰਜਾਬੀ ਸਿਨੇਮਾ 'ਚ ਇੱਕ ਨਵੀਂ ਸ਼ੁਰੂਆਤ ਵੱਲ ਵੱਧਣ ਜਾ ਰਹੇ ਹਨ।
ਪਾਲੀਵੁੱਡ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੀ ਇਸ ਫਿਲਮ ਵਿੱਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਮੰਝੇ ਹੋਏ ਸਿਨੇਮਾ ਐਕਟਰਜ਼ ਇਕੱਠਿਆਂ ਸਕਰੀਨ ਸ਼ੇਅਰ ਕਰਦਿਆਂ ਨਜ਼ਰੀ ਆਉਣਗੇ, ਜਿੰਨ੍ਹਾਂ ਵਿੱਚ ਗੁਲਸ਼ਨ ਗਰੋਵਰ, ਜੌਨੀ ਲੀਵਰ, ਅਵਤਾਰ ਗਿੱਲ, ਵਿਜੇ ਟੰਡਨ, ਗੁੱਗੂ ਗਿੱਲ, ਨੀਟੂ ਪੰਧੇਰ, ਰਣਜੀਤ ਰਿਆਜ਼ ਆਦਿ ਸ਼ਾਮਿਲ ਹਨ।
ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਅਗਲੇ ਦਿਨੀਂ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ ਅਦਾਕਾਰ ਯੋਗੇਸ਼ ਛਾਬੜਾ, ਜੋ ਜਲਦ ਅਪਣੇ ਹਿੱਸੇ ਦੀ ਸ਼ੂਟਿੰਗ ਵਿੱਚ ਭਾਗ ਲੈਣਗੇ।
ਸਾਲ 1971 ਵਿੱਚ ਆਈ 'ਮੇਰੇ ਅਪਨੇ' ਨਾਲ ਅਪਣੇ ਸਿਨੇਮਾ ਕਰੀਅਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਯੋਗੇਸ਼ ਛਾਬੜਾ ਬੇਸ਼ੁਮਾਰ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਅਪਣੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਹਨ, ਜਿੰਨ੍ਹਾਂ ਦੇ ਯਾਦਗਾਰੀ ਅਭਿਨੈ ਦਾ ਇਜ਼ਹਾਰ ਕਰਵਾਉਣ ਵਾਲੀਆਂ ਬਿਹਤਰੀਨ ਫਿਲਮਾਂ ਵਿੱਚ 'ਨਮਕ ਹਰਾਮ', 'ਖੂਨ ਕੀ ਕੀਮਤ', 'ਜ਼ਹਿਰੀਲਾ ਇਨਸਾਨ', 'ਗੁੰਮਰਾਹ', 'ਗੰਗਾ ਕੀ ਸੌਗੰਧ', 'ਮੇਰੇ ਰਖਸਕ', 'ਮਿੱਤਰ ਪਿਆਰੇ ਨੂੰ', 'ਯਾਰੀ ਜ਼ਿੰਦਾਬਾਦ', 'ਫੌਜੀ', 'ਸਹਿਤੀ ਮੁਰਾਦ', 'ਜੱਟੀ', 'ਜੈ ਮਾਂ ਸ਼ੇਰਾਂਵਾਲੀ', 'ਵਿਲਾਇਤੀ ਬਾਬੂ', 'ਜੈ ਬਾਬਾ ਬਾਲਕ ਨਾਥ', 'ਪਟਵਾਰੀ', 'ਬੱਗਾ ਡਾਕੂ', 'ਨਿੰਮੋ', 'ਬਟਵਾਰਾ', 'ਰਾਣੋ' ਆਦਿ ਸ਼ੁਮਾਰ ਰਹੀਆਂ ਹਨ।
1971 ਤੋਂ 1996 ਦੌਰਾਨ ਦੇ ਲਗਭਗ ਢਾਈ ਦਹਾਕਿਆਂ ਤੱਕ ਦੇ ਸਮੇਂ ਦੌਰਾਨ ਹਿੰਦੀ ਅਤੇ ਪੰਜਾਬੀ ਸਿਨੇਮਾ ਖਿੱਤੇ ਵਿੱਚ ਪੂਰੀ ਤਰ੍ਹਾਂ ਛਾਏ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਉਪਰ ਫਿਲਮ ਸਰਪੰਚ ਵਿੱਚ ਫਿਲਮਾਇਆ ਗਿਆ ਗਾਣਾ 'ਨਹਿਓ ਭੁੱਲਣਾ ਵਿਛੋੜਾ ਮੈਨੂੰ ਤੇਰਾ-ਸਾਰੇ ਦੁੱਖ ਭੁੱਲ ਜਾਣਗੇ' ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਿਹਾ ਹੈ, ਜਿਸ ਦਾ ਅਸਰ ਅੱਜ ਸਾਲਾਂ ਬਾਅਦ ਵੀ ਲੋਕ-ਮਨਾਂ ਵਿੱਚ ਕਾਇਮ ਹੈ।