ਮੁੰਬਈ: ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਸ਼ਹਿਜ਼ਾਦ ਪੂਨਾਵਾਲਾ ਅਤੇ ਅਮਿਤ ਮਾਲਵੀਆ ਨੇ ਸੋਮਵਾਰ ਨੂੰ ਸੁਪ੍ਰੀਆ ਸ਼੍ਰੀਨੇਤ ਦੇ ਖਾਤੇ ਤੋਂ ਅਦਾਕਾਰਾ ਕੰਗਨਾ ਰਣੌਤ ਬਾਰੇ 'ਅਪਮਾਨਜਨਕ ਟਿੱਪਣੀ' ਦੀ ਆਲੋਚਨਾ ਕੀਤੀ। ਭਾਜਪਾ ਨੇ ਸ਼੍ਰੀਨੇਤ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਅਤੇ ਨਾਲ ਹੀ ਕਿਹਾ ਕਿ ਕਾਂਗਰਸੀ ਨੇਤਾ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ। ਹਾਲ ਹੀ 'ਚ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਇਸ ਪੋਸਟ ਦਾ ਸਖਤ ਜਵਾਬ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਸੁਪ੍ਰਿਆ ਸ਼੍ਰੀਨੇਤ ਨੇ ਵੀਡੀਓ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
ਕੰਗਨਾ ਨੇ ਦਿੱਤਾ ਇਹ ਜਵਾਬ : ਜਦੋਂ ਕੰਗਨਾ ਲਈ ਸੁਪ੍ਰੀਆ ਸ਼੍ਰੀਨੇਤ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਇਤਰਾਜ਼ਯੋਗ ਪੋਸਟ ਆਈ। ਜਿਸ ਤੋਂ ਬਾਅਦ ਕੰਗਨਾ ਨੇ ਸ਼੍ਰੀਨੇਤ ਨੇ ਸੋਸ਼ਲ ਮੀਡੀਆ ਐਕਸ 'ਤੇ ਨਿਸ਼ਾਨਾ ਸਾਧਿਆ ਅਤੇ ਲਿਖਿਆ ਕਿ,"ਪਿਆਰੇ ਸੁਪ੍ਰੀਆ ਜੀ, ਇੱਕ ਅਭਿਨੇਤਾ ਦੇ ਤੌਰ 'ਤੇ ਮੇਰੇ ਪਿਛਲੇ 20 ਸਾਲਾਂ ਦੇ ਕਰੀਅਰ ਵਿੱਚ, ਮੈਂ ਹਰ ਤਰ੍ਹਾਂ ਦੀਆਂ ਔਰਤਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। 'ਕੁਈਨ' ਵਿੱਚ ਇਕ ਮਾਸੂਮ ਕੁੜੀ ਤੋਂ ਲੈ ਕੇ 'ਧਾਕੜ' ਵਿਚ ਇਕ ਆਕਰਸ਼ਕ ਜਾਸੂਸ ਤੱਕ, 'ਮਣੀਕਰਨਿਕਾ' ਵਿਚ ਇਕ ਦੇਵੀ ਤੋਂ ਲੈ ਕੇ 'ਚੰਦਰਮੁਖੀ' ਵਿੱਚ ਇਕ 'ਰਾਕਸ਼ਸੀ' ਤੱਕ, 'ਰੱਜੋ' ਵਿੱਚ ਇਕ ਵੇਸ਼ਿਆ ਤੋਂ ਲੈ ਕੇ 'ਥਲਾਈਵੀ' ਵਿੱਚ ਇਕ ਕ੍ਰਾਂਤੀਕਾਰੀ ਨੇਤਾ ਤੱਕ। ਸਾਨੂੰ ਆਪਣੀਆਂ ਧੀਆਂ ਨੂੰ ਫਜ਼ੂਲ ਦੀਆਂ ਧਾਰਨਾਵਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਸਾਨੂੰ ਉਨ੍ਹਾਂ ਦੀ ਸਰੀਰਕ ਦਿੱਖ 'ਤੇ ਸਵਾਲ ਨਹੀਂ ਉਠਾਉਣਾ ਚਾਹੀਦਾ ਅਤੇ ਸਭ ਤੋਂ ਵੱਧ ਸਾਨੂੰ ਸੈਕਸ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ ਜਾਂ ਅਪਮਾਨ ਵਜੋਂ ਵਰਤਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਦੋਂ ਉਹ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਚੁਣੌਤੀ ਦਿੰਦੀਆਂ ਹਨ... ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ..."