ਚੰਡੀਗੜ੍ਹ: ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਓਟੀਟੀ ਦੇ ਖੇਤਰ ਵਿੱਚ ਚੌਖੀ ਭੱਲ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਜਯੋਤੀ ਅਰੋੜਾ, ਜਿੰਨ੍ਹਾਂ ਨੂੰ ਸ਼ੁਰੂ ਹੋ ਚੁੱਕੀ ਪੰਜਾਬੀ ਫਿਲਮ 'ਭਾਜੜਾਂ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਦਿਲਚਸਪ-ਕਾਮੇਡੀ ਡਰਾਮਾ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਲੀਡਿੰਗ ਭੂਮਿਕਾ 'ਚ ਨਜ਼ਰੀ ਪੈਣਗੇ।
'ਹਾਰਲੇ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਰਮਨ ਧੀਮਾਨ, ਜਦਕਿ ਨਿਰਦੇਸ਼ਨ ਕਮਾਂਡ ਹਰਮਨ ਸਿੰਘ ਸੰਭਾਲ ਰਹੇ ਹਨ, ਜੋ ਇਸ ਫਿਲਮ ਨਾਲ ਪਾਲੀਵੁੱਡ ਫਿਲਮ ਉਦਯੋਗ ਵਿੱਚ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨਗੇ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਪ੍ਰਭਾਵਪੂਰਨ ਫਿਲਮ ਦੇ ਡੀਓਪੀ ਵਜੋਂ ਜ਼ਿੰਮੇਵਾਰੀ ਪ੍ਰੀਤ ਧੰਜੂ ਅਤੇ ਸਿਮਰ ਭੁੱਲਰ ਅੰਜ਼ਾਮ ਦੇਣਗੇ, ਜੋ ਇਸ ਤੋਂ ਪਹਿਲਾਂ ਵੀ ਕਈ ਅਹਿਮ ਫਿਲਮ ਪ੍ਰੋਜੈਕਟਸ ਸ਼ਾਨਦਾਰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਹਾਲ ਹੀ ਵਿੱਚ ਸਾਹਮਣੇ ਆਈਆਂ ਬਹੁ-ਚਰਚਿਤ ਹਿੰਦੀ ਫਿਲਮਾਂ ਅਭਿਸ਼ੇਕ ਕਪੂਰ ਨਿਰਦੇਸ਼ਿਤ ਅਤੇ ਆਯੁਸ਼ਮਾਨ ਖੁਰਾਨਾ ਸਟਾਰਰ 'ਚੰਡੀਗੜ੍ਹ ਕਰੇ ਆਸ਼ਿਕੀ' ਅਤੇ ਰਣਬੀਰ ਕਪੂਰ-ਬੌਬੀ ਦਿਓਲ ਸਟਾਰਰ 'ਐਨੀਮਲ' ਵਿੱਚ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਚੁੱਕੀ ਹੈ ਅਦਾਕਾਰਾ ਜਯੋਤੀ ਅਰੋੜਾ, ਜਿੰਨ੍ਹਾਂ ਅਨੁਸਾਰ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ਪ੍ਰੋਜੈਕਟਸ ਵਿੱਚ ਵੀ ਉਨ੍ਹਾਂ ਨੂੰ ਲਗਾਤਾਰ ਮੰਨੀਆਂ-ਪ੍ਰਮੰਨੀਆਂ ਸਿਨੇਮਾ ਹਸਤੀਆਂ ਨਾਲ ਕੰਮ ਕਰਨ ਦਾ ਅਵਸਰ ਮਿਲ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਖੁਦ ਉਪਰ ਆਤਮ ਵਿਸ਼ਵਾਸ ਵਿੱਚ ਕਾਫ਼ੀ ਵਾਧਾ ਹੋਇਆ ਹੈ, ਕਿਉਂਕਿ ਉਨ੍ਹਾਂ ਹੁਣ ਤੱਕ ਗਿਣਤੀ ਨਾਲੋਂ ਗੁਣਵੱਤਾ ਵਰਕ ਨੂੰ ਹੀ ਜਿਆਦਾ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਹਿੰਦੀ ਸਿਨੇਮਾ ਦੀਆਂ ਪੰਜਾਬ ਅਤੇ ਚੰਡੀਗੜ੍ਹ ਵਿਖੇ ਸ਼ੂਟ ਹੋਣ ਵਾਲੀਆਂ ਹਿੰਦੀ ਫਿਲਮਾਂ ਵਿੱਚ ਉਨ੍ਹਾਂ ਨੂੰ ਕਾਫ਼ੀ ਮੌਕਾ ਮਿਲ ਰਿਹਾ ਹੈ।
ਉਕਤ ਪੰਜਾਬੀ ਫਿਲਮ ਵਿੱਚ ਨਿਭਾਏ ਜਾ ਰਹੇ ਚੁਣੌਤੀਪੂਰਨ ਰੋਲ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਇਹ ਹੋਣਹਾਰ ਅਦਾਕਾਰਾ ਅਗਾਮੀ ਦਿਨੀਂ ਸਾਹਮਣੇ ਆਉਣ ਜਾ ਰਹੀਆਂ ਕਈ ਹੋਰ ਬਿਹਤਰੀਨ ਫਿਲਮਾਂ ਵਿੱਚ ਵੀ ਨਜ਼ਰ ਆਵੇਗੀ, ਜਿੰਨ੍ਹਾਂ ਵਿੱਚ 'ਕੁੜੀਆਂ ਪੰਜਾਬ ਦੀਆਂ', 'ਨਿੱਕਾ ਜ਼ੈਲਦਾਰ 4' ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: