ਲੁਧਿਆਣਾ: ਪੂਰੇ ਦੇਸ਼ ਭਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਕਰਕੇ ਜਿੱਥੇ ਲੋਕ ਪਰੇਸ਼ਾਨ ਹਨ। ਉੱਥੇ ਹੀ ਦੂਜੇ ਪਾਸੇ ਪਸ਼ੂਆਂ 'ਤੇ ਵੀ ਇਸ ਦਾ ਅਸਰ ਪੈ ਰਿਹਾ ਹੈ ਕਿਉਂਕਿ ਇਨਸਾਨ ਭਾਵੇਂ ਘਰਾਂ ਦੇ ਵਿੱਚ ਹੀ ਡੱਕੇ ਹੋਏ ਹਨ ਪਰ ਪਸ਼ੂ ਅਤੇ ਜਾਨਵਰ ਘਰਾਂ ਤੋਂ ਬਾਹਰ ਰਹਿਣ ਲਈ ਮਜਬੂਰ ਹਨ। ਜਿਨ੍ਹਾਂ ਉੱਤੇ ਪ੍ਰਦੂਸ਼ਣ ਦਾ ਜ਼ਿਆਦਾ ਅਸਰ ਹੋ ਰਿਹਾ ਹੈ। ਸਾਹ ਦੇ ਰਾਹੀਂ ਧੂਆਂ ਉਨ੍ਹਾਂ ਦੇ ਅੰਦਰ ਜਾ ਰਿਹਾ ਹੈ ਜੋ ਕਿ ਸਿੱਧੇ ਤੌਰ 'ਤੇ ਫੇਫੜਿਆਂ ਨੂੰ ਖਰਾਬ ਕਰ ਰਿਹਾ ਹੈ। ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਹਨ। ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਰੋਜ਼ਾਨਾ ਲੋਕ ਪਾਲਤੂ ਜਾਨਵਰਾਂ ਨੂੰ ਇਲਾਜ ਲਈ ਲੈ ਕੇ ਆ ਰਹੇ ਹਨ ਕਿਉਂਕਿ ਪ੍ਰਦੂਸ਼ਣ ਦਾ ਉਨ੍ਹਾਂ 'ਤੇ ਅਸਰ ਹੋ ਰਿਹਾ ਹੈ। ਇਸ ਦੇ ਨਾਲ ਹੀ ਸਰਦੀਆਂ ਦੀ ਆਮਦ ਦੇ ਨਾਲ ਪਸ਼ੂਆਂ ਨੂੰ ਗਲ ਘੋਟੂ ਬਿਮਾਰੀ ਵੀ ਫੈਲ ਜਾਂਦੀ ਹੈ ਜਿਸ ਲਈ ਵੈਕਸੀਨੇਸ਼ਨ ਬੇਹੱਦ ਜ਼ਰੂਰੀ ਹੈ।
ਪਰਾਲੀ ਦੀ ਵਰਤੋ ਪਸ਼ੂਆਂ ਦੇ ਲਈ ਕੀਤੀ ਜਾਵੇ
ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਗਲ ਘੋਟੂ ਤੋਂ ਪਹਿਲਾਂ ਆਪਣੇ ਪਸ਼ੂਆਂ ਨੂੰ ਵੈਕਸੀਨ ਜਰੂਰ ਲਗਾ ਲਈ ਜਾਵੇ ਕਿਉਂਕਿ ਪਸ਼ੂਆਂ ਦੀ ਕੀਮਤ ਬਹੁਤ ਜ਼ਿਆਦਾ ਮਹਿੰਗੀ ਹੈ। ਉਨ੍ਹਾਂ ਨੇ ਕਿਹਾ ਕਿ ਸਰਦੀਆਂ ਦੇ ਵਿੱਚ ਦੁੱਧ ਵੀ ਘੱਟ ਜਾਂਦਾ ਹੈ ਪਰ ਉਸ ਨੂੰ ਬਚਾਉਣ ਦੇ ਲਈ ਪਸ਼ੂਆਂ ਦੇ ਹੇਠਾਂ ਸੁੱਕ ਰੱਖਣੀ ਬੇਹੱਦ ਜਰੂਰੀ ਹੈ। ਜਿਸ ਲਈ ਪਰਾਲੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਪਰਾਲੀ ਦੇ ਪ੍ਰਬੰਧਨ ਲਈ ਪਰੇਸ਼ਾਨ ਹਨ। ਉੱਥੇ ਹੀ ਜੇਕਰ ਪਰਾਲੀ ਦੀ ਵਰਤੋਂ ਪਸ਼ੂਆਂ ਦੇ ਲਈ ਕੀਤੀ ਜਾਵੇ ਤਾਂ ਉਹ ਕਾਫੀ ਲਾਹੇਵੰਦ ਹੈ।
ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਅਵਾਰਾ ਗਊਆਂ ਜੋ ਕਿ ਫਸਲ ਦਾ ਨੁਕਸਾਨ ਕਰਦੀਆਂ ਹਨ ਅਤੇ ਅਵਾਰਾ ਘੁੰਮਦੀਆਂ ਹਨ। ਉਨ੍ਹਾਂ ਨੂੰ ਪੰਚਾਇਤੀ ਜ਼ਮੀਨਾਂ 'ਤੇ ਪਰਾਲੀ ਦਾ ਚਾਰਾ ਬਣਾ ਕੇ ਖਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਜੇਕਰ ਪਸ਼ੂਆਂ ਦੇ ਹੇਠਾਂ ਵਿਛਾਇਆ ਜਾਵੇ ਤਾਂ ਇਸ ਨਾਲ ਪਸ਼ੂਆਂ ਨੂੰ ਤਾਪਮਾਨ ਕਾਫੀ ਵੱਧ ਮਿਲਦਾ ਹੈ। ਇਸ ਨਾਲ ਉਹ ਨਿੱਗ੍ਹੇ ਰਹਿੰਦੇ ਹਨ ਅਤੇ ਦੁੱਧ ਦੀ ਪ੍ਰੋਡਕਸ਼ਨ ਉੱਤੇ ਵੀ ਬਹੁਤਾ ਅਸਰ ਨਹੀਂ ਪੈਂਦਾ।
ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ
ਡਾਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਸ ਸੀਜ਼ਨ ਦੇ ਵਿੱਚ ਪਰਾਲੀ ਦਾ ਸੁਚੱਜੇ ਢੰਗ ਨਾਲ ਵਰਤੋਂ ਕਰਨ ਨਾਲ ਕਾਫੀ ਕਿਸਾਨਾਂ ਨੂੰ ਅਤੇ ਖਾਸ ਕਰਕੇ ਡੇਅਰੀ ਫਾਰਮਿੰਗ ਵਾਲਿਆਂ ਨੂੰ ਫਾਇਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਸ਼ੂਆਂ ਦੇ ਲਈ ਬਣਾਏ ਗਏ ਢਾਰੇ ਸਰਦੀਆਂ ਦੇ ਵਿੱਚ ਤਿੰਨ ਪਾਸੇ ਤੋਂ ਬੰਦ ਕੀਤੇ ਜਾਣੇ ਜਰੂਰੀ ਹਨ ਇੱਕ ਪਾਸੇ ਤੋਂ ਹਵਾ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਬਜ਼ੁਰਗ ਜਾਨਵਰ ਹਨ ਜਾਂ ਛੋਟੇ ਕੱਟੜੂ ਹਨ, ਉਨ੍ਹਾਂ ਨੂੰ ਬਚਾਉਣਾ ਬੇਹੱਦ ਜਰੂਰੀ ਹੈ ਕਿਉਂਕਿ ਸਰਦੀ ਦਾ ਅਸਰ ਉਨ੍ਹਾਂ ਉੱਤੇ ਜਿਆਦਾ ਹੁੰਦਾ ਹੈ। ਡਾਕਟਰ ਨੇ ਕਿਹਾ ਕਿ ਜਾਨਵਰ ਜਿੰਨਾ ਸੁੱਕਾ ਰਹੇਗਾ, ਓਨਾ ਹੀ ਉਸ 'ਤੇ ਦਬਾਅ ਘੱਟ ਹੋਵੇਗਾ। ਇਸ ਨਾਲ ਉਸ ਦੇ ਦੁੱਧ ਦੇ ਵਿੱਚ ਵੀ ਕੋਈ ਕਮੀ ਨਹੀਂ ਆਵੇਗੀ ਅਤੇ ਨਾ ਹੀ ਉਸ ਨੂੰ ਕੋਈ ਬਿਮਾਰੀ ਲੱਗੇਗੀ।