ਚੰਡੀਗੜ੍ਹ: ਹਾਲੀਆ ਸਮੇਂ ਸਾਹਮਣੇ ਆਈ ਅਤੇ ਖਾਸੀ ਪਸੰਦ ਕੀਤੀ ਗਈ ਅਰਥ-ਭਰਪੂਰ ਪੰਜਾਬੀ ਲਘੂ ਫਿਲਮ 'ਬਿੱਕਰ ਵਿਚੋਲਾ' ਦੇ ਦੂਸਰੇ ਭਾਗ 'ਬਿੱਕਰ ਵਿਚੋਲਾ 2 ਕੈਨੇਡਾ ਵਾਲੇ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਫਿਲਮਾਂਕਣ ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਲਾਗਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ।
'ਸਾਜਨ ਪ੍ਰਦੇਸੀ ਪ੍ਰੋਡੋਕਸ਼ਨ' ਹਾਊਸ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਲਘੂ ਫਿਲਮ ਦੇ ਕਹਾਣੀਕਾਰ ਅਤੇ ਨਿਰਦੇਸ਼ਕ ਰਾਜਬਿੰਦਰ ਸ਼ਮੀਰ ਅਤੇ ਗੁਰਨੈਬ ਸਾਜਨ ਹਨ, ਜੋ ਇਸ ਫਿਲਮ ਵਿੱਚ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਵੀ ਅਦਾ ਕਰਦੇ ਨਜ਼ਰੀ ਪੈਣਗੇ।
ਉਕਤ ਲਘੂ ਫਿਲਮ ਦੇ ਵੱਖ-ਵੱਖ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇਸ ਦੇ ਲੇਖਕ ਗੁਰਨੈਬ ਸਾਜਨ ਨੇ ਦੱਸਿਆ ਕਿ ਪਹਿਲੇ ਭਾਗ ਨੂੰ ਮਿਲੀ ਮਣਾਂਮੂਹੀ ਸਲਾਹੁਤਾ ਬਾਅਦ ਉਨਾਂ ਦੀ ਟੀਮ ਵੱਲੋਂ ਇਸ ਦੂਸਰੇ ਭਾਗ ਨੂੰ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਵਿੱਚ ਕਲਾ ਖੇਤਰ ਨਾਲ ਜੁੜੇ ਕਈ ਪ੍ਰਤਿਭਾਵਾਨ ਕਲਾਕਾਰ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੇ ਹਨ।
ਉਨਾਂ ਹੋਰ ਵਿਸਥਾਰਕ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਪਰਿਵਾਰਿਕ ਕੰਟੈਂਟ ਅਧਾਰਿਤ ਇਸ ਲਘੂ ਫਿਲਮ ਵਿੱਚ ਵਿਦੇਸ਼ ਜਾਣ ਦੀ ਹੋੜ ਵਿੱਚ ਹਰ ਹੀਲਾ ਅਪਣਾਉਣ ਵਿੱਚ ਲੱਗੀ ਨੌਜਵਾਨ ਪੀੜੀ ਦੀ ਸੋਚ ਅਤੇ ਇਸ ਨਾਲ ਜੁੜੇ ਸਮਾਜਿਕ, ਆਰਥਿਕ ਸਰੋਕਾਰਾਂ ਦਾ ਬੇਹੱਦ ਦਿਲਚਸਪ ਵਰਣਨ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਲਘੂ ਵਿਰਕ ਖੁਰਦ, ਬੱਲੋਆਣਾ ਆਦਿ ਪਿੰਡਾਂ ਵਿੱਚ ਫਿਲਮਾਈ ਜਾ ਰਹੀ ਇਸ ਲਘੂ ਫਿਲਮ ਵਿੱਚ ਕਈ ਟਰੈਵਲ ਏਜੰਟਾਂ ਵੱਲੋਂ ਮਾਪਿਆਂ ਅਤੇ ਬੱਚਿਆ ਦੀ ਕੀਤੇ ਜਾਂਦੇ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਨੂੰ ਵੀ ਉਜਾਗਰ ਕੀਤਾ ਜਾ ਰਿਹਾ ਹੈ ਤਾਂਕਿ ਇਸ ਦਿਸ਼ਾ ਵਿੱਚ ਲੋਕ ਚੇਤਨਾ ਪੈਦਾ ਕੀਤੀ ਜਾ ਸਕੇ।
ਪੰਜਾਬੀ ਲਘੂ ਫਿਲਮਾਂ ਦੇ ਖੇਤਰ ਵਿੱਚ ਹੋਰ ਨਵੀਆਂ ਕੰਟੈਂਟ ਸੰਭਾਵਨਾਵਾਂ ਜਗਾਉਣ ਦੀ ਸਮਰੱਥਾ ਰੱਖਦੀ ਇਸ ਲਘੂ ਫਿਲਮ ਦੇ ਨਿਰਦੇਸ਼ਕ ਰਾਜਬਿੰਦਰ ਸ਼ਮੀਰ ਅਨੁਸਾਰ ਕਮਰਸ਼ਿਅਲ ਸੋਚ ਤੋਂ ਇੱਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਹੈ ਇਹ ਸੰਦੇਸ਼ਮਕ ਫਿਲਮ, ਜਿਸ ਵਿੱਚ ਬਹੁਤ ਹੀ ਅਲੱਗ ਕਹਾਣੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ।
ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਇੱਕ ਹੀ ਸ਼ੈਡਿਊਲ ਅਧੀਨ ਮੁਕੰਮਲ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਨਾਲੋਂ ਨਾਲ ਹੀ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਆਰੰਭ ਕਰ ਦਿੱਤੇ ਜਾਣਗੇ ਤਾਂਕਿ ਜਲਦ ਤੋਂ ਜਲਦ ਇਸ ਨੂੰ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਸਕੇ, ਜੋ ਇਸ ਦੂਜੇ ਅਤਿ ਮੰਨੋਰੰਜਕ ਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।