ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਹੁਣ ਤੱਕ ਦੇ ਇਤਿਹਾਸ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਕਿ ਸੱਚੀਆਂ ਘਟਨਾਕ੍ਰਮਾਂ ਨੂੰ ਦਰਸਾਉਂਦੀਆਂ ਫਿਲਮਾਂ ਨੂੰ ਸਾਹਮਣੇ ਲਿਆਉਣ ਲਈ ਬਹੁਤ ਘੱਟ ਕੋਸ਼ਿਸਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜਿਸ ਮੱਦੇਨਜ਼ਰ ਹੀ ਬਣੇ ਇਸ ਮਿੱਥ ਨੂੰ ਆਖਿਰਕਾਰ ਤੋੜਨ ਜਾ ਰਹੀ ਹੈ ਪੰਜਾਬੀ ਫਿਲਮ 'ਦਰਬੰਗਾ ਐਕਸਪ੍ਰੈੱਸ', ਜਿਸ ਦੇ ਪਹਿਲੇ ਲੁੱਕ ਨੂੰ ਜਾਰੀ ਕਰਦਿਆਂ ਰਿਲੀਜ਼ ਸਮੇਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
'ਡਾ. ਹਰਚੰਦ ਸਿੰਘ' ਅਤੇ 'ਸਿਮਰਨ ਪ੍ਰੋਡੋਕਸ਼ਨ' ਵੱਲੋਂ 'ਗ੍ਰੈਂਡ ਮੋਸ਼ਨ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮੰਨੀਆਂ-ਪ੍ਰਮੰਨੀਆਂ ਪ੍ਰਵਾਸੀ ਭਾਰਤੀ ਪੰਜਾਬੀ ਸ਼ਖਸ਼ੀਅਤਾਂ 'ਚ ਸ਼ੁਮਾਰ ਕਰਵਾਉਂਦੇ ਸਿਮਰਨ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਸਾਰਥਿਕ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪਾਲੀਵੁੱਡ ਦੇ ਬਿਹਤਰੀਨ ਐਕਟਰ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਮਲਕੀਤ ਮੀਤ ਵੱਲੋਂ ਬਤੌਰ ਲੇਖਕ ਲਿਖੀ ਉਕਤ ਫਿਲਮ ਦਾ ਸਹਿ ਲੇਖਨ ਕਰਨ ਵਿੱਚ ਇਸ ਫਿਲਮ ਦੇ ਨਿਰਦੇਸ਼ਕ ਸਿਮਰਨ ਸਿੰਘ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਵੱਲੋਂ ਬਿੱਗ ਤਕਨੀਕੀ ਸਿਰਜਣਾ ਸਾਂਚੇ ਵਿੱਚ ਢਾਲੀ ਗਈ ਉਕਤ ਫਿਲਮ ਸਾਲ 2025 ਦੇ ਪਹਿਲੇ ਪੜ੍ਹਾਅ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।