ਚੰਡੀਗੜ੍ਹ: ਸਾਲ 2024 ਦੇ ਮਿਊਜ਼ਿਕ ਚਾਰਟ 'ਚ ਛਾਇਆ ਰਿਹਾ ਹੈ ਚਰਚਿਤ ਗਾਇਕਾ ਰੁਪਿੰਦਰ ਹਾਂਡਾ ਦਾ ਗਾਣਾ 'ਮੇਰੇ ਪਿੰਡ ਦੇ ਗੇੜਾ ਮਾਰਦਾ', ਜੋ ਇਸ ਵਰ੍ਹੇ 2025 'ਚ ਵੀ ਟ੍ਰੈਂਡ 'ਚ ਬਣਿਆ ਹੋਇਆ ਹੈ, ਜਿਸ ਦੀ ਤਾਲ ਉਤੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਐਕਟਰਜ਼ ਵੀ ਥਿਰਕਦੇ ਨਜ਼ਰ ਆ ਰਹੇ ਹਨ।
'ਟੀ-ਸੀਰੀਜ਼ ਮਿਊਜ਼ਿਕ' ਦੇ ਲੇਬਲ ਅਧੀਨ ਸਾਲ 2015 ਵਿੱਚ ਰਿਲੀਜ਼ ਕੀਤਾ ਗਿਆ ਇਹ ਬਹੁਤ ਹੀ ਵਾਇਰਲ ਭੰਗੜਾ ਗੀਤ ਰਿਹਾ ਹੈ, ਜਿਸ ਨੇ ਦਸ ਸਾਲਾਂ ਬਾਅਦ ਵੀ ਹਾਲੇ ਤੱਕ ਸੰਗੀਤਕ ਪਿੜ੍ਹਾਂ ਵਿੱਚ ਅਪਣੀ ਉਪ ਸਥਿਤੀ ਦਰਜ ਕਰਵਾਈ ਹੋਈ ਹੈ, ਜਿਸ ਦੀ ਧਮਕ ਦਾ ਅਸਰ ਅੱਜ ਸਾਲਾਂ ਬਾਅਦ ਵੀ ਜਿਓ ਦਾ ਤਿਓ ਬਰਕਰਾਰ ਹੈ।
100 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਚੁੱਕੇ ਉਕਤ ਗਾਣੇ ਉੱਪਰ ਥਿਰਕ ਚੁੱਕੀਆਂ ਸਿਨੇਮਾ ਹਸਤੀਆਂ ਵਿੱਚ ਜੈਕਲੀਨ ਫਰਨਾਂਡੀਜ਼, ਨੀਰੂ ਬਾਜਵਾ, ਆਇਸ਼ਾ ਖਾਨ, ਗੌਹਰ ਖਾਨ, ਇਸ਼ਾ ਮਾਲਵੀਆ ਆਦਿ ਸ਼ੁਮਾਰ ਰਹੀਆਂ ਹਨ, ਜਿੰਨ੍ਹਾਂ ਵੱਲੋਂ ਇਸ ਗਾਣੇ ਉੱਪਰ ਬਣਾਈਆਂ ਰੀਲਾਂ ਨੇ ਇਸ ਟ੍ਰੈਕ ਦੀ ਮਕਬੂਲੀਅਤ ਨੂੰ ਸਿਖਰਾਂ ਉਤੇ ਪਹੁੰਚਾ ਦਿੱਤਾ ਹੈ।
ਦੁਨੀਆ ਭਰ ਵਿੱਚ ਅਪਣੀ ਅਨੂਠੀ ਸੰਗੀਤਕ ਹੋਂਦ ਦਾ ਅਹਿਸਾਸ ਕਰਵਾ ਰਹੇ ਇਸ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਨਰਿੰਦਰ ਬਾਠ ਨੇ ਰਚੇ ਹਨ।
ਪੰਜਾਬੀ ਸੱਭਿਆਚਾਰਕ ਦੇ ਵੱਖ-ਵੱਖ ਰੰਗਾਂ ਦੀ ਤਰਜ਼ਮਾਨੀ ਕਰਦੇ ਅਤੇ ਇੱਕ ਜੋੜੇ ਦੇ ਆਪਸੀ ਨੋਕ ਝੋਕ ਭਰੇ ਪ੍ਰਤੀਬਿੰਬ ਵਜੋਂ ਸਾਹਮਣੇ ਆਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜੋ ਵੱਖ-ਵੱਖ ਚੈੱਨਲਸ ਉਤੇ ਹੁਣ ਵੀ ਦਰਸ਼ਕਾਂ ਦੀ ਹਰਮਨ ਪਿਆਰਤਾ ਹਾਸਿਲ ਕਰ ਰਿਹਾ ਹੈ।
ਇਹ ਵੀ ਪੜ੍ਹੋ: