ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਨਿਵੇਕਲੇ ਕੰਟੈਂਟ ਅਧਾਰਿਤ ਫਿਲਮਾਂ ਸਾਹਮਣੇ ਲਿਆਉਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਨੌਜਵਾਨ ਫਿਲਮਕਾਰ ਜੱਸੀ ਮਾਨ, ਜਿੰਨ੍ਹਾਂ ਵੱਲੋਂ ਆਪਣੀ ਇੱਕ ਹੋਰ ਫਿਲਮ 'ਆਖ਼ਰੀ ਬਾਬੇ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਪਹਿਲੀ ਝਲਕ ਵੀ ਜਾਰੀ ਕਰ ਦਿੱਤੀ ਗਈ ਹੈ।
'ਖੇਲਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਅਤੇ 'ਗ੍ਰੇਡਪਾ ਫਿਲਮ ਦੀ ਇਨ ਹਾਊਸ ਐਸੋਸੀਏਸ਼ਨ' ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਸਤਵਿੰਦਰ ਖੇਲਾ ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਪੰਜਾਬ ਦੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਨੌਜਵਾਨ ਪੀੜੀ ਲਈ ਮਾਰਗ ਦਰਸ਼ਕ ਵਜੋਂ ਵੀ ਸਾਹਮਣੇ ਆਵੇਗੀ, ਜਿਸ ਨੂੰ ਮਿਆਰੀ ਅਤੇ ਤਕਨੀਕੀ ਪੱਖੋਂ ਉੱਚ ਪੱਧਰੀ ਸਿਨੇਮਾ ਮਾਪਦੰਢਾਂ ਅਧੀਨ ਬਣਾਇਆ ਜਾ ਰਿਹਾ ਹੈ।
ਪੰਜਾਬ ਦੇ ਅਸਲ ਅਤੇ ਪੁਰਾਤਨ ਬੈਕ ਡਰਾਪ ਦੁਆਲੇ ਬੁਣੀ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਸਰਦਾਰ ਸੋਹੀ, ਨਗਿੰਦਰ ਗੱਖੜ, ਮਲਕੀਤ ਰੌਣੀ, ਮਹਾਂਵੀਰ ਭੁੱਲਰ, ਤਰਸੇਮ ਪਾਲ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਧਰਮਿੰਦਰ ਕੌਰ, ਮਨਜੀਤ ਔਲਖ, ਅਮਰਜੀਤ ਸਿੰਘ, ਨਿਰਭੈ ਧਾਲੀਵਾਲ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਅਰਥ-ਭਰਪੂਰ ਫਿਲਮ ਦੇ ਲੇਖਕ ਸਪਿੰਦਰ ਸਿੰਘ ਸ਼ੇਰਗਿੱਲ, ਕੈਮਰਾਮੈਨ ਅਰੁਣਦੀਪ ਤੇਜ਼ੀ, ਸੰਪਾਦਕ ਅਮਨਜੋਤ ਸਿੰਘ ਅਤੇ ਕ੍ਰਿਏਟਿਵ ਨਿਰਮਾਤਾ ਨਵਦੀਪ ਅਗਰੋਈਆ ਹਨ।
ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਨਿਰਦੇਸ਼ਕ ਜੱਸੀ ਮਾਨ, ਜੋ ਇੰਨੀਂ ਦਿਨੀਂ ਕਈ ਹੋਰ ਪੰਜਾਬੀ ਫਿਲਮਾਂ ਨੂੰ ਵੀ ਆਖਰੀ ਛੋਹਾਂ ਦੇ ਰਹੇ ਹਨ, ਜਿੰਨ੍ਹਾਂ ਵਿੱਚ 'ਹਸੂੰ ਹਸੂੰ ਕਰਦੇ ਚਿਹਰੇ', 'ਮਾਏ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਆਦਿ ਸ਼ੁਮਾਰ ਹਨ, ਜਿੰਨ੍ਹਾਂ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਐਕਟਰਜ਼ ਲੀਡਿੰਗ ਭੂਮਿਕਾਵਾਂ ਨਿਭਾਅ ਰਹੇ ਹਨ।
ਬਤੌਰ ਐਸੋਸੀਏਟ ਨਿਰਦੇਸ਼ਕ ਆਪਣੇ ਫਿਲਮ ਕਰੀਅਰ ਦਾ ਅਗਾਜ਼ ਕਰਨ ਵਾਲੇ ਜੱਸੀ ਮਾਨ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਥਾਪਿਤ ਕਰਨ ਵਿੱਚ ਸਫਲ ਰਹੇ ਹਨ, ਜਿੰਨ੍ਹਾਂ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਨਿਰਦੇਸ਼ਕ ਦੇ ਤੌਰ ਉਤੇ ਕੀਤੇ ਗਏ ਪ੍ਰੋਜੈਕਟਸ ਵਿੱਚ ਵੈੱਬ ਸੀਰੀਜ਼ 'ਰੂਟ 11' ਅਤੇ ਫਿਲਮ 'ਲਪਟਾਂ' ਵੀ ਸ਼ਾਮਿਲ ਰਹੀਆਂ ਹਨ।