ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਹਰ ਚੀਜ਼ ਦੀ ਕੀਮਤ ਹੁੰਦੀ ਹੈ। ਮਸ਼ਹੂਰ ਹੋਣ ਦੀ ਵੀ ਕੋਈ ਕੀਮਤ ਹੁੰਦੀ ਹੈ। ਮਸ਼ਹੂਰ ਹੋਣ ਤੋਂ ਬਾਅਦ ਲੱਖਾਂ ਪ੍ਰਸ਼ੰਸਕਾਂ ਦੇ ਨਾਲ ਕੁੱਝ ਦੁਸ਼ਮਣ ਵੀ ਬਣ ਜਾਂਦੇ ਹਨ। ਇਸੇ ਤਰ੍ਹਾਂ ਅੱਜ ਅਸੀਂ ਇਸ ਖਾਸ ਸਟੋਰੀ ਵਿੱਚ ਅਜਿਹੇ ਪੰਜਾਬੀ ਗਾਇਕਾਂ ਦੀ ਗੱਲ ਕਰਾਂਗੇ, ਜਿਹਨਾਂ ਉਤੇ ਜਾਨਲੇਵਾ ਹਮਲੇ ਹੋਏ ਹਨ। ਇਸ ਵਿੱਚ ਕਰਨ ਔਜਲਾ, ਮਨਕੀਰਤ ਔਲਖ ਵਰਗੇ ਕਲਾਕਾਰਾਂ ਦੇ ਨਾਂਅ ਸ਼ਾਮਲ ਹਨ।
ਕਰਨ ਔਜਲਾ:ਇਸ ਸਟੋਰੀ ਵਿੱਚ ਸਭ ਤੋਂ ਪਹਿਲਾਂ ਨਾਂਅ ਆਉਂਦਾ ਹੈ ਗਾਇਕ ਕਰਨ ਔਜਲਾ ਦਾ, ਜੋ ਕਿਸੇ ਸਮੇਂ ਸਿੱਧੂ ਦੇ ਬਹੁਤ ਕਰੀਬੀ ਸਨ। ਕਰਨ ਔਜਲਾ 'ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋਇਆ ਸੀ। ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਉਹ ਇਸ ਹਮਲੇ ਤੋਂ ਬਚ ਗਏ। ਸਿੱਧੂ ਵਾਂਗ ਹੀ ਕਿਸੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਪਰਮੀਸ਼ ਵਰਮਾ: ਗੀਤ 'ਗਾਲ਼ ਨੀ ਕੱਢਨੀ' ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾਂ ਬਣਾਉਣ ਵਾਲੇ ਗਾਇਕ ਪਰਮੀਸ਼ ਵਰਮਾ 'ਤੇ 2018 'ਚ ਮੋਹਾਲੀ 'ਚ ਹਮਲਾ ਕੀਤਾ ਸੀ ਪਰ ਉਹ ਖੁਸ਼ਕਿਸਮਤ ਸਨ ਕਿ ਗੋਲੀ ਉਨ੍ਹਾਂ ਦੇ ਗੋਡੇ 'ਚ ਲੱਗੀ ਅਤੇ ਉਨ੍ਹਾਂ ਦੀ ਜਾਨ ਬਚ ਗਈ। ਇੱਕ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਵੀ ਲਈ ਸੀ।
ਗੁਰੂ ਰੰਧਾਵਾ:ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ 'ਤੇ ਉਨ੍ਹਾਂ ਦੇ ਕੰਸਰਟ ਦੌਰਾਨ ਹਮਲਾ ਹੋਇਆ ਸੀ। ਹਾਲਾਂਕਿ, ਇਸ ਨੂੰ ਘਾਤਕ ਹਮਲਾ ਨਹੀਂ ਕਿਹਾ ਜਾ ਸਕਦਾ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਵੈਨਕੂਵਰ ਦੇ ਕਵੀਨ ਐਲਿਜ਼ਾਬੈਥ ਥੀਏਟਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਗਾਇਕ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਸੀ, ਜਦੋਂ ਉਹ ਥੀਏਟਰ ਤੋਂ ਬਾਹਰ ਜਾ ਰਿਹਾ ਸੀ।
ਆਰ ਨੇਤ: ਪੰਜਾਬੀ ਗਾਇਕ ਆਰ ਨੇਤ 'ਤੇ ਵੀ ਹਮਲਾ ਹੋਇਆ ਸੀ। ਗਾਇਕ ਨੇ ਖੁਦ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ ਅਤੇ ਮਾਮਲਾ ਵੀ ਦਰਜ ਕਰਵਾਇਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਹਮਲਾਵਰਾਂ ਦੀ ਪਛਾਣ ਵੀ ਕਰ ਲਈ ਸੀ ਅਤੇ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323, 452, 506, 149 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਗਿੱਪੀ ਗਿਰੇਵਾਲ:ਸਾਲ 2018 ਵਿੱਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜੀ ਹਾਂ...ਜੂਨ 2018 ਵਿੱਚ ਗਾਇਕ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਉਸ ਨੂੰ ਵਟਸਐਪ 'ਤੇ ਧਮਕੀ ਭਰੀ ਕਾਲ ਆਈ ਸੀ। ਬਾਅਦ ਵਿੱਚ ਉਸ ਦੀ ਸ਼ਿਕਾਇਤ ’ਤੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਪਿਛਲੇ ਸਾਲ ਦੇ ਅੰਤ ਵਿੱਚ ਗਾਇਕ ਦੇ ਕੈਨੇਡਾ ਵਾਲੇ ਘਰ ਉਤੇ ਵੀ ਫਾਇਰਿੰਗ ਹੋਈ ਸੀ, ਜਿਸ ਦਾ ਵੱਡਾ ਕਾਰਨ ਗਾਇਕ ਦੀ ਸਲਮਾਨ ਖਾਨ ਨਾਲ ਦੋਸਤੀ ਦੱਸੀ ਜਾ ਰਹੀ ਸੀ।
ਮਨਕੀਰਤ ਔਲਖ: ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫੇਸਬੁੱਕ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਹਾਲਾਂਕਿ ਬਾਅਦ 'ਚ ਪੋਸਟ ਨੂੰ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ ਮਨਕੀਰਤ ਨੇ ਇਸ ਮਾਮਲੇ ਦੀ ਮੋਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਇਲਾਵਾ ਇੱਕ ਵਾਰ ਅਣਜਾਣ ਵਿਅਕਤੀਆਂ ਨੇ ਗਾਇਕ ਦੀ ਗੱਡੀ ਦਾ ਪਿੱਛਾ ਵੀ ਕੀਤਾ ਸੀ। ਔਲਖ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਸੀ।