ਚੰਡੀਗੜ੍ਹ: ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇਸ ਸਮੇਂ ਆਪਣੇ 31 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੇ ਸ਼ੋਅ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਇਸ ਦੇ ਨਾਲ ਹੀ ਪ੍ਰਸ਼ਾਸ਼ਨ ਵੱਲੋਂ ਵੀ ਗਾਇਕ ਨੂੰ ਮਨਜ਼ੂਰੀ ਮਿਲ ਗਈ ਹੈ, ਪਰ ਇਸ ਸਭ ਦੇ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ, ਜਿਸ ਤੋਂ ਬਾਅਦ ਦੁਸਾਂਝ ਦੇ ਸ਼ੋਅ ਪ੍ਰਤੀ ਅਟਕਲਾਂ ਲਾਈਆਂ ਜਾ ਰਹੀਆਂ ਹਨ।
ਜੀ ਹਾਂ...ਦਰਅਸਲ, ਬੀਤੇ ਦਿਨ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਡਾਕਟਰ ਮਨਮੋਹਨ ਸਿੰਘ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ 27 ਦਸੰਬਰ ਨੂੰ ਹੋਣ ਵਾਲੇ ਸਾਰੇ ਸਰਕਾਰੀ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਅਤੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਉਲੇਖਯੋਗ ਹੈ ਕਿ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਇੱਕ ਪੱਤਰ ਇਸ ਸਮੇਂ ਸ਼ੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਹੋਇਆ ਹੈ, 'ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਜੀ ਦਾ ਮਿਤੀ 26.12.2024 ਨੂੰ ਏਮਜ਼ ਹਸਪਤਾਲ, ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ ਹੈ। ਇਸ ਸੰਬੰਧੀ ਗ੍ਰਹਿ ਮੰਤਰਾਲੇ, ਭਾਰਤ ਸਰਕਾਰ, ਨਵੀਂ ਦਿੱਲੀ ਵੱਲੋਂ ਸਮੂਹ ਰਾਜਾਂ ਦੇ ਮੁੱਖ ਸਕੱਤਰ ਸਾਹਿਬਾਨ ਨੂੰ ਪੱਤਰ ਲਿਖਦਿਆਂ ਮਿਤੀ 26.12.2024 ਤੋਂ ਮਿਤੀ 01.01.2025 ਤੱਕ( 07 ਦਿਨ) ਦਾ ਰਾਜਸੀ ਸ਼ੋਕ ਰੱਖਣ ਅਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ (half mast) ਰੱਖਣ ਦੇ ਆਦੇਸ਼ ਦਿੱਤੇ ਹਨ।'
ਪੱਤਰ ਵਿੱਚ ਅੱਗੇ ਲਿਖਿਆ ਹੋਇਆ ਹੈ, 'ਆਪ ਨੂੰ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਪੱਤਰ ਦੀ ਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਮ੍ਰਿਤਕ ਸਖਸ਼ੀਅਤ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਮਿਤੀ ਮਿਤੀ 26.12.2024 ਤੋਂ ਮਿਤੀ 01.01.2025 ਤੱਕ (07 ਦਿਨ) ਪੰਜਾਬ ਰਾਜ ਵਿੱਚ ਰਾਜਸੀ ਸ਼ੋਕ ਘੋਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਦਿਨਾਂ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਕੋਈ ਵੀ ਮਨੋਰੰਜਨ ਆਦਿ ਨਹੀਂ ਹੋਵੇਗਾ।'
ਇਥੇ ਇਹ ਵੀ ਦੱਸਣਯੋਗ ਹੈ ਕਿ ਸੈਂਸਰ ਬੋਰਡ ਦੇ ਸਾਬਕਾ ਚੇਅਰਮੈਨ ਰਹੇ ਅਮਰਜੀਤ ਟਿੱਕਾ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਉਹ ਸ਼ਖਸ ਸਨ, ਜਿਨ੍ਹਾਂ ਨੇ ਪੂਰੇ ਵਿਸ਼ਵ ਦੇ ਵਿੱਚ ਪੱਗ ਨੂੰ ਪ੍ਰਮੋਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਿੱਖ ਲੀਡਰ ਸਾਡੇ ਕੋਲ ਹੁਣ ਨਹੀਂ ਬਚੇ ਜੋ ਕਿ ਦੇਸ਼ ਦੀ ਅਗਵਾਈ ਕਰ ਸਕਣ। ਪੂਰਾ ਦੇਸ਼ ਸੋਗ ਦੇ ਵਿੱਚ ਡੁੱਬਿਆ ਹੋਇਆ ਹੈ, ਸੱਤ ਦਿਨ ਦਾ ਰਸਮੀ ਤੌਰ ਉਤੇ ਸੋਗ ਦਾ ਐਲਾਨ ਕੀਤਾ ਗਿਆ ਹੈ। ਇਸ ਕਰਕੇ ਦਿਲਜੀਤ ਉਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਉਹ ਵੀ ਪੱਗ ਨੂੰ ਬਹੁਤ ਪ੍ਰਮੋਟ ਕਰਦੇ ਹਨ ਅਤੇ ਖਾਸ ਕਰਕੇ ਡਾਕਟਰ ਮਨਮੋਹਨ ਸਿੰਘ ਦਾ ਉਹ ਬਹੁਤ ਸਤਿਕਾਰ ਕਰਦੇ ਸਨ, ਇਸ ਕਰਕੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਆਪਣਾ ਸ਼ੋਅ ਅੱਗੇ ਦੀਆਂ ਤਾਰੀਕਾਂ ਉਤੇ ਪਾ ਦੇਣ।
ਹੁਣ ਇਸ ਸਭ ਦੇ ਆਧਾਰ ਉਤੇ ਦਿਲਜੀਤ ਦੁਸਾਂਝ ਦੇ ਸ਼ੋਅ ਉਤੇ ਤਲਵਾਰ ਲਟਕਦੀ ਨਜ਼ਰੀ ਪੈ ਰਹੀ ਹੈ, ਹਾਲਾਂਕਿ ਦਿਲਜੀਤ ਜਾਂ ਉਸ ਦੀ ਟੀਮ ਵੱਲੋਂ ਅਜੇ ਤੱਕ ਇਸ ਸੰਬੰਧੀ ਕੁੱਝ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 31 ਦਸੰਬਰ ਤੋਂ ਪਹਿਲਾਂ ਗਾਇਕ ਦਾ 'ਦਿਲ ਲੂਮੀਨਾਟੀ' ਟੂਰ ਦਾ ਸ਼ੋਅ ਗੁਹਾਟੀ ਵਿੱਚ ਵੀ ਹੈ, ਜੋ ਕਿ 29 ਦਸੰਬਰ ਨੂੰ ਹੋਣ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਅਗਲੀ ਅਪਡੇਟ ਉਤੇ ਜੰਮੀਆਂ ਹੋਈਆਂ ਹਨ।
ਇਹ ਵੀ ਪੜ੍ਹੋ: