ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਅਤੇ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਅੰਬਰਦੀਪ ਸਿੰਘ, ਜੋ ਲਹਿੰਦੇ ਪੰਜਾਬ ਦੇ ਮਸ਼ਹੂਰ ਕਮੇਡੀਅਨ ਤਸਲੀਮ ਅੱਬਾਸ ਅਤੇ ਸੋਨੀ ਖਾਨ ਨਾਲ ਕਲੋਬਰੇਸ਼ਨ ਅਧੀਨ ਇੱਕ ਵਿਸ਼ੇਸ਼ ਹਾਸਰਸ ਸ਼ੋਅ ਸੀਰੀਜ਼ 'ਆਰ ਹਾਸਾ ਪਾਰ ਹਾਸਾ' ਲੈ ਕੇ ਸਾਹਮਣੇ ਆ ਰਹੇ ਹਨ, ਜਿਸ ਦੀ ਸ਼ੁਰੂਆਤ ਜਲਦ ਹੀ ਸ਼ੋਸ਼ਲ ਪਲੇਟਫ਼ਾਰਮ ਉਪਰ ਹੋਣ ਜਾ ਰਹੀ ਹੈ।
'ਅੰਬਰਦੀਪ ਸਟੂਡੀਓਜ਼' ਅਤੇ 'ਤਸਲੀਮ ਅੱਬਾਸ ਪ੍ਰੋਡੋਕਸ਼ਨ' ਵੱਲੋਂ ਪੇਸ਼ ਅਤੇ ਨਿਰਮਿਤ ਕੀਤੇ ਜਾ ਰਹੇ ਇਸ ਕਾਮੇਡੀ ਸ਼ੋਅ ਅਤੇ ਸੀਰੀਜ਼ ਨੂੰ ਕੈਮਰਾਬੱਧ ਅਤੇ ਸੰਪਾਦਨ ਅਵਿਸ਼ ਯੂਨਸ ਕਰਨਗੇ, ਜੋ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਟੈਲੀਵਿਜ਼ਨ ਦੇ ਕਈ ਅਤਿ ਮਕਬੂਲ ਸ਼ੋਅਜ ਨੂੰ ਬਿਹਤਰੀਨ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਮੌਜੂਦਾ ਸਮੇਂ ਲਹਿੰਦੇ ਪੰਜਾਬ ਦੇ ਸ਼ਹਿਰ ਲਾਇਲਪੁਰ ਨਾਲ ਸੰਬੰਧਤ ਹੋ ਚੁੱਕੇ ਹਨ ਤਸਲੀਮ ਅੱਬਾਸ, ਜੋ ਪਾਕਿਸਤਾਨ ਸਟੇਜ ਅਤੇ ਡਰਾਮਿਆਂ ਦੀ ਦੁਨੀਆਂ ਵਿੱਚ ਆਹਲਾ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕਰ ਚੁੱਕੇ ਹਨ, ਜਿੰਨਾਂ ਦੀ ਨਾਯਾਬ ਅਦਾਕਾਰੀ ਨਾਲ ਸਜੇ ਕਈ ਟੀਵੀ ਪ੍ਰੋਗਰਾਮ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਮੂਲ ਰੂਪ ਵਿੱਚ ਲਾਹੌਰ ਦੇ ਫੈਸਲਾਬਾਦ ਇਲਾਕੇ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰ ਦੀ ਪੈਦਾਇਸ਼ ਇੱਥੋਂ ਦੇ ਇੱਕ ਅਜਿਹੇ ਨਿੱਕੜੇ ਜਿਹੇ ਪਿੰਡ ਵਿੱਚ ਹੋਈ, ਜਿੱਥੋਂ ਨਾਲ ਤਾਲੁਕ ਰੱਖਦੀਆਂ ਕਈ ਸ਼ਖਸ਼ੀਅਤਾਂ ਦੁਨੀਆ ਭਰ ਵਿੱਚ ਅਪਣੀ ਸ਼ਾਨਦਾਰ ਕਲਾ ਦਾ ਲੋਹਾ ਬਾਕਮਾਲ ਅਦਾਕਾਰ ਮੰਨਵਾਉਣ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ ਨਜ਼ਾਕਤ ਅਲੀ, ਮੁਹੰਮਦ ਇਕਬਾਲ, ਅਮਾਨਤ ਅਲੀ, ਇਕਬਾਲ ਹੁਸੈਨ-ਅਨਵਰ ਹੁਸੈਨ ਆਦਿ ਜਿਹੀਆਂ ਸਰਵੋਤਮ ਅਤੇ ਦਿੱਗਜ ਹਸਤੀਆਂ ਸ਼ੁਮਾਰ ਰਹੀਆਂ ਹਨ।
ਕਲਾ ਅਤੇ ਕਾਮੇਡੀ ਖੇਤਰ ਦੇ ਬੇਤਾਜ ਬਾਦਸ਼ਾਹ ਮੰਨੇ ਜਾਂਦੇ ਇਹ ਅਦਾਕਾਰ ਦੱਸਦੇ ਰਹੇ ਹਨ ਕਿ ਜੇਕਰ ਇਸ ਖੇਤਰ ਨਾਲ ਆਪਣੇ ਜੁੜਾਵ ਦੀ ਗੱਲ ਕਰਾਂ ਤਾਂ ਇਹ ਨਹੀਂ ਹੈ ਕਿ ਬਚਪਨ ਤੋਂ ਹੀ ਇਸ ਪਾਸੇ ਰੁਝਾਨ ਸੀ ਬਲਕਿ ਇਹ ਹੌਲੀ-ਹੌਲੀ ਮਨ ਵਿੱਚ ਉਸ ਸਮੇਂ ਪਨਪਿਆ, ਜਦੋਂ ਉਕਤ ਮਾਣਮੱਤੀਆਂ ਹਸਤੀਆਂ ਨੂੰ ਕਲਾ ਖਿੱਤੇ ਵਿੱਚ ਨਵੇਂ ਦਿਸਹਿੱਦੇ ਸਿਰਜਿਆਂ ਅਤੇ ਇਥੋਂ ਹੀ ਹੌਲੀ-ਹੌਲੀ ਸ਼ੌਂਕ ਵਜੋਂ ਸ਼ੁਰੂ ਹੋਇਆ ਇਹ ਸਿਲਸਿਲਾ ਪੜਾਅ ਦਰ ਪੜਾਅ ਜਨੂੰਨੀਅਤ ਵਿੱਚ ਬਦਲਦਾ ਗਿਆ ਅਤੇ ਖੁਦਾ ਦੀ ਰਹਿਮਤ ਹੈ ਕਿ ਇਸ ਕਲਾ ਨੇ ਅੱਜ ਤੱਕ ਕਦੀ ਪਿੱਠ ਨਹੀਂ ਲੱਗਣ ਦਿੱਤੀ, ਬਲਕਿ ਉਹ ਚੀਜ਼ਾਂ ਝੋਲੀ ਪਾਈਆਂ, ਜਿੰਨਾਂ ਦੀ ਸਾਧਾਰਨ ਪਰਿਵਾਰ ਦਾ ਬੇਟਾ ਹੋਣ ਕਾਰਨ ਕਦੀ ਕਲਪਨਾ ਵੀ ਨਹੀਂ ਕੀਤੀ ਸੀ।
ਓਧਰ ਜੇਕਰ ਅੰਬਰਦੀਪ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਚੜਦੇ ਪੰਜਾਬ ਦੇ ਇਸ ਬਿਹਤਰੀਨ ਲੇਖਕ, ਨਿਰਦੇਸ਼ਕ ਅਤੇ ਐਕਟਰ ਨੇ ਬਹੁਤ ਹੀ ਥੋੜੇ ਜਿਹੇ ਸਮੇਂ ਵਿੱਚ ਹੀ ਆਪਣੀ ਵਿਲੱਖਣਤਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਦਿੱਤਾ ਹੈ, ਜਿੰਨਾਂ ਵੱਲੋਂ ਲਿਖੀਆਂ ਅਤੇ ਨਿਰਦੇਸ਼ਿਤ ਕੀਤੀਆਂ ਫਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਗਲੋਬਲੀ ਅਧਾਰ ਅਤੇ ਮਾਣ ਭਰਿਆ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਦੇ ਨਾਲ ਹੀ ਜੇਕਰ ਉਕਤ ਸੀਰੀਜ਼ ਦਾ ਪ੍ਰਭਾਵੀ ਹਿੱਸਾ ਬਣ ਰਹੇ ਸੋਨੀ ਖਾਨ ਦੀ ਗੱਲ ਕਰੀਏ ਤਾਂ ਉਹ ਵੀ ਲਹਿੰਦੇ ਪੰਜਾਬ ਦੇ ਸਿਰਮੌਰ ਕਾਮੇਡੀ ਐਕਟਰ ਵਜੋਂ ਜਾਣੇ ਜਾਂਦੇ ਹਨ, ਜਿੰਨਾਂ ਨੂੰ ਉਕਤ ਅਜ਼ੀਮ ਸ਼ਖਸ਼ੀਅਤਾਂ ਨਾਲ ਸ਼ੋਅ ਮੰਚ ਸਾਂਝਿਆਂ ਕਰਦਿਆਂ ਵੇਖਣਾ ਚੜਦੇ ਅਤੇ ਲਹਿੰਦੇ ਪੰਜਾਬ ਨਾਲ ਜੁੜੇ ਸਮੂਹ ਦਰਸ਼ਕਾਂ ਲਈ ਇੱਕ ਨਿਵੇਕਲਾ ਅਹਿਸਾਸ ਹੋਵੇਗਾ।