ਫਰੀਦਕੋਟ:ਹਾਲ ਹੀ ਵਿੱਚ ਸ਼ੁਰੂ ਹੋਈ ਬਿਨੂੰ ਢਿੱਲੋ ਦੀ ਨਵੀਂ ਅਤੇ ਫਿਲਹਾਲ ਅਨਟਾਈਟਲ ਪੰਜਾਬੀ ਫ਼ਿਲਮ ਦਾ ਫ਼ਸਟ ਸ਼ਡਿਊਲ ਅੱਜ ਪੂਰਾ ਕਰ ਲਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਥਾਪਰ ਵੱਲੋਂ ਕੀਤਾ ਜਾ ਰਿਹਾ ਹੈ, ਜੋ ਅਪਣੀ ਇਸ ਫ਼ਿਲਮ ਰਾਹੀਂ ਪਾਲੀਵੁੱਡ ਵਿੱਚ ਇੱਕ ਹੋਰ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਨੈਕਸਟ ਲੈਵਲ ਪ੍ਰੋਡੋਕਸ਼ਨ ਅਤੇ ਜੇ ਸਟੂਡੀਓ ਵੱਲੋਂ ਪ੍ਰਸਤੁਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਬਾਲੀਵੁਡ ਦੇ ਮੰਨੇ ਪ੍ਰਮੰਨੇ ਨਿਰਮਾਤਾ ਨਿਰਜ ਰੁਹਿਲ ਕਰ ਰਹੇ ਹਨ, ਜਿੰਨਾਂ ਵੱਲੋਂ ਨਿਰਮਿਤ ਕੀਤੀ ਅਤੇ ਨੈੱਟਫਲਿਕਸ 'ਤੇ ਸਟ੍ਰੀਮ ਹੋਈ ਓਟੀਟੀ ਫ਼ਿਲਮ 'ਵਧ' ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫਲ ਰਹੀ ਹੈ। ਇਸ ਤੋਂ ਇਲਾਵਾ ਉਹ ਕੁਝ ਬਹੁ-ਚਰਚਿਤ ਪੰਜਾਬੀ ਫਿਲਮਾਂ ਦੇ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ 'ਬੰਬੂਕਾਟ', 'ਭਲਵਾਨ ਸਿੰਘ' ਅਤੇ 'ਅਫ਼ਸਰ' ਆਦਿ ਸ਼ੁਮਾਰ ਰਹੀਆ ਹਨ।
2032 'ਚ ਹੋਣ ਵਾਲੀਆਂ ਸੰਭਾਵਿਤ ਅਤੇ ਭਵਿੱਖੀ ਘਟਨਾਵਾਂ 'ਤੇ ਅਧਾਰਿਤ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿੱਚ ਬਿੰਨੂ ਢਿੱਲੋ ਮੁੱਖ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਅੋਪੋਜਿਟ ਹਿੰਦੀ ਸਿਨੇਮਾਂ ਅਤੇ ਛੋਟੇ ਪਰਦੇ ਦੀ ਅਦਾਕਾਰਾ ਕਨਿਕਾ ਮਾਨ ਨਜ਼ਰ ਆਵੇਗੀ, ਜੋ ਅਪਣੀ ਇਸ ਨਵੀਂ ਪੰਜਾਬੀ ਫ਼ਿਲਮ ਨਾਲ ਲੰਮੇਂ ਸਮੇਂ ਬਾਅਦ ਪੰਜਾਬੀ ਸਿਨੇਮਾਂ ਵਿੱਚ ਇੱਕ ਹੋਰ ਸ਼ਾਨਦਾਰ ਪਾਰੀ ਦੀ ਸ਼ੁਰੂਆਤ ਕਰੇਗੀ।