ਚੰਡੀਗੜ੍ਹ:ਕਲਰਜ਼ ਚੈਨਲ ਉਪਰ ਸ਼ੁਰੂ ਹੋਏ ਚਰਚਿਤ ਰਿਐਲਟੀ ਸ਼ੋਅ 'ਚ ਐਂਟਰੀ ਕਰ ਇੰਨੀਂ ਦਿਨੀਂ ਮੁੜ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਹਨ ਭਾਜਪਾ ਆਗੂ ਤੇਜਿੰਦਰ ਬੱਗਾ, ਜਿੰਨ੍ਹਾਂ ਦਾ ਵਿਵਾਦਾਂ ਨਾਲ ਹਮੇਸ਼ਾ ਗੂੜਾ ਨਾਤਾ ਰਿਹਾ ਹੈ।
ਮੂਲ ਰੂਪ ਵਿੱਚ ਦਿੱਲੀ ਦੇ ਤਿਲਕ ਨਗਰ ਨਾਲ ਸੰਬੰਧਤ ਬੱਗਾ ਵੱਲੋਂ ਪੰਜਵੇਂ ਪ੍ਰਤੀਯੋਗੀ ਦੇ ਰੂਪ 'ਚ ਘਰ 'ਚ ਪ੍ਰਵੇਸ਼ ਕੀਤਾ ਗਿਆ ਹੈ, ਜੋ ਅਪਣੀ ਵਿਵਾਦਿਤ ਇਮੇਜ਼ ਤੋਂ ਇਕਦਮ ਹੱਟ ਕੇ ਨਜ਼ਰ ਆ ਰਹੇ ਹਨ ਅਤੇ ਆਉਂਦਿਆਂ ਹੀ ਅਪਣੇ ਚੁਲਬਲੇ ਅੰਦਾਜ਼ ਵਿੱਚ ਸਾਰੇ ਪ੍ਰਤੀਯੋਗੀਆਂ ਦਾ ਧਿਆਨ ਅਪਣੇ ਵੱਲ ਖਿੱਚਣ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।
14 ਸਾਲ ਦੀ ਉਮਰ ਵਿੱਚ ਦੇਖੀ ਜੇਲ੍ਹ
ਸਾਲ 2020 ਵਿੱਚ ਦਿੱਲੀ ਵਿਧਾਨ ਸਭਾ ਚੋਣਾਂ ਲੜ ਚੁੱਕੇ ਤੇਜਿੰਦਰ ਪਾਲ ਸਿੰਘ ਬੱਗਾ ਦੁਆਰਾ ਬਿੱਗ ਬੌਸ ਦੇ ਪ੍ਰੀਮੀਅਰ ਐਪੀਸੋਡ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਉਹ ਮਹਿਜ਼ 4 ਸਾਲ ਦੀ ਛੋਟੀ ਉਮਰ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਿੱਚ ਸ਼ਾਮਲ ਹੋ ਗਏ ਸਨ ਅਤੇ 14 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਜੇਲ੍ਹ ਵੀ ਗਏ।
ਇਸ ਬਿਆਨ ਨਾਲ ਆਏ ਪਹਿਲੀ ਵਾਰ ਸੁਰਖ਼ੀਆਂ ਵਿੱਚ
ਬੇਬਾਕ ਬਿਆਨਬਾਜ਼ੀ ਦੇ ਚੱਲਦਿਆਂ ਕਈ ਮੁਸ਼ਕਲਾਂ ਸਹੇੜਣ ਵਾਲੇ ਬੱਗਾ ਸਾਲ 1985 ਵਿੱਚ ਉਸ ਸਮੇਂ ਪਹਿਲੀ ਵਾਰ ਸੁਰਖੀਆਂ ਵਿੱਚ ਆਏ, ਜਦੋਂ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੀ ਮੰਗ ਉਠਾਈ, ਜਿਸ ਨਾਲ ਕਾਂਗਰਸੀਆਂ ਦੇ ਕਾਫ਼ੀ ਨਿੰਦਾ ਨਿਸ਼ਾਨੇ ਉਤੇ ਵੀ ਉਹ ਰਹੇ। ਦਿੱਲੀ ਭਾਜਪਾ ਦੇ ਯੂਥ ਵਿੰਗ ਦਾ ਇੱਕ ਵੱਡਾ ਚਿਹਰਾ ਬਣ ਚੁੱਕੇ ਬੱਗਾ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਨਾਲ ਵੀ ਜੁੜੇ ਹੋਏ ਹਨ।
ਸਿਆਸਤ ਤੋਂ ਇਲਾਵਾ ਬੱਗਾ ਆਰਟੀਫਿਸ਼ਲ ਜਵੈਲਰੀ ਦੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ, ਜੋ 'ਟੀ-ਸ਼ਰਟ ਭਈਆ' ਨਾਮ ਦਾ ਬ੍ਰਾਂਡ ਸੰਚਾਲਿਤ ਕਰਨ ਦੇ ਨਾਲ-ਨਾਲ ਇੱਕ ਔਨਲਾਈਨ ਸਟੋਰ ਵੀ ਚਲਾ ਰਹੇ ਹਨ, ਜੋ ਪ੍ਰਿੰਟਿਡ ਟੀ-ਸ਼ਰਟਾਂ, ਕੁੜਤੇ, ਜੈਕਟਾਂ, ਘਰੇਲੂ ਸਜਾਵਟ ਦੀਆਂ ਚੀਜ਼ਾਂ ਅਤੇ ਗਹਿਣੇ ਵੇਚਦਾ ਹੈ।
ਹਾਲ ਹੀ ਵਿੱਚ ਬੱਗਾ ਨੇ ਆਪਣੇ ਇੱਕ ਹੋਰ ਨਵੇਂ ਉੱਦਮ “ਕੁਲਹਦ ਬਿਰਯਾਨੀ: ਭਾਰਤ ਦੀ ਪਹਿਲੀ ਝਟਕਾ ਬਿਰਯਾਨੀ ਬ੍ਰਾਂਡ” ਦੀ ਘੋਸ਼ਣਾ ਕੀਤੀ ਹੈ। ਸ਼੍ਰੀਮਤੀ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (IGNOU), ਦਿੱਲੀ ਤੋਂ ਬੈਚਲਰ ਪ੍ਰੈਪਰੇਟਰੀ ਪ੍ਰੋਗਰਾਮ ਦੀ ਡਿਗਰੀ ਪੂਰੀ ਕਰਨ ਵਾਲੇ ਬੱਗਾ ਸਾਲ 2018 ਵਿੱਚ ਵੀ ਉਸ ਸਮੇਂ ਵਿਵਾਦ ਵਿੱਚ ਘਿਰੇ, ਜਦੋਂ ਉਨਾਂ ਇੱਕ ਪੋਸਟਰ ਜਾਰੀ ਕਰ ਸਵ. ਰਾਜੀਵ ਗਾਂਧੀ ਨੂੰ ਮੌਬ ਲਿੰਚਿੰਗ ਦਾ ਪਿਤਾ ਕਿਹਾ, ਜਿਸ 'ਤੇ ਉਨਾਂ ਦੀ ਕਾਫੀ ਨਿੰਦਾ ਹੋਈ।
ਇਸ ਤੋਂ ਇਲਾਵਾ ਅੰਗਰੇਜ਼ੀ ਲੇਖਿਕਾ ਅਰੁੰਧਤੀ ਰਾਏ ਦੇ ਬੁੱਕ ਸ਼ੋਅ 'ਚ ਵੀ ਉਨਾਂ ਕਾਫੀ ਹੰਗਾਮਾ ਕੀਤਾ ਸੀ ਅਤੇ ਕਿਹਾ ਕਿ ਅਰੁੰਧਤੀ ਕਸ਼ਮੀਰੀਆਂ ਦੀ ਦੁਸ਼ਮਣ ਹੈ। ਰਾਜਨੀਤੀਕ ਗਲਿਆਰਿਆਂ ਵਿੱਚ ਹਮੇਸ਼ਾ ਛਾਏ ਰਹਿਣ ਵਾਲੇ ਬੱਗਾ ਨੂੰ ਸਾਲ 2022 ਵਿੱਚ ਪੰਜਾਬ ਪੁਲਿਸ ਵੱਲੋਂ ਗੁੱਪਚੁੱਪ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ, ਜਿਸ 'ਤੇ ਝੂਠੇ ਫਿਰਕੂ ਬਿਆਨ ਦੇਣ, ਲੋਕਾਂ ਨੂੰ ਭੜਕਾਉਣ ਅਤੇ ਸੋਸ਼ਲ ਮੀਡੀਆ 'ਤੇ ਨਫ਼ਰਤ ਫੈਲਾਉਣ ਦਾ ਇਲਜ਼ਾਮ ਲੱਗਿਆ ਸੀ।
ਇਹ ਵੀ ਪੜ੍ਹੋ: