ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਉੱਚ-ਕੋਟੀ ਅਤੇ ਬਿਹਤਰੀਨ ਗਾਇਕਾ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਸੁਰਜੀਤ ਖਾਨ, ਜਿੰਨ੍ਹਾਂ ਦਾ ਨਵਾਂ ਗਾਣਾ 'ਇੰਨਾ ਸੋਹਣਾ' ਰਿਲੀਜ਼ ਲਈ ਤਿਆਰ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
ਨਿਰਮਾਤਾ ਸੀਮਾ ਖਾਨ ਦੁਆਰਾ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਟਰੈਕ ਦਾ ਸੰਗੀਤ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ, ਜਦਕਿ ਇਸ ਦੇ ਸੰਗੀਤਕ ਵੀਡੀਓ ਦੀ ਨਿਰਦੇਸ਼ਨਾਂ ਕਿੰਗ ਗਰੇਵਾਲ ਦੁਆਰਾ ਕੀਤੀ ਗਈ ਹੈ। ਸਦਾ ਬਹਾਰ ਸੰਗੀਤ ਅਤੇ ਖੂਬਸੂਰਤ ਸ਼ਬਦਾਂਵਲੀ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦੇ ਬੋਲ ਵੀ ਕਿੰਗ ਗਰੇਵਾਲ ਨੇ ਰਚੇ ਹਨ, ਜਦਕਿ ਸੰਪਾਦਨ ਜਿੰਮੇਵਾਰੀ ਹਰਮੀਤ ਐਸ ਕਾਲੜਾ ਨੇ ਨਿਭਾਈ ਹੈ।
ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇ ਗਾਇਕ ਸੁਰਜੀਤ ਖਾਨ ਅਨੁਸਾਰ ਅਪਣੇ ਹੁਣ ਤੱਕ ਦੇ ਹਰ ਗੀਤ ਦੀ ਤਰ੍ਹਾਂ ਇਸ ਨਵੇਂ ਟਰੈਕ ਨੂੰ ਵੀ ਸਰੋਤਿਆਂ ਅਤੇ ਦਰਸ਼ਕਾਂ ਦੀ ਹਰ ਕਸਵੱਟੀ ਉਤੇ ਪੂਰਾ ਖਰਾ ਉਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਪੂਰੀ ਟੀਮ ਵੱਲੋਂ ਇਸ ਦਿਸ਼ਾ ਵਿੱਚ ਕੀਤੀ ਮਿਹਨਤ ਨੂੰ ਵੇਖਦਿਆਂ ਉਮੀਦ ਕਰਦਾ ਹਾਂ ਕਿ ਇਹ ਹਰ ਵਰਗ ਸੰਗੀਤ ਪ੍ਰੇਮੀਆਂ ਨੂੰ ਪਸੰਦ ਆਵੇਗਾ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਕਈ ਗਾਣਿਆਂ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਗਾਇਕ ਸੁਰਜੀਤ ਖਾਨ, ਜਿੰਨ੍ਹਾਂ ਦੇ ਬੀਤੇ ਦਿਨਾਂ ਦੌਰਾਨ ਹਿੱਟ ਰਹੇ ਗਾਣਿਆਂ ਵਿੱਚ 'ਏਰੀਆ', 'ਅੜੇ ਹੋਏ ਆ', 'ਡਾਇਰੈਕਟ ਇਨਜੈਕਸ਼ਨ', 'ਅੱਖੀਆਂ ਦੀ ਲੋੜ', 'ਜ਼ੋਰ ਜੱਟ ਦਾ', 'ਸਰਸਾ ਦਾ ਕਿਨਾਰਾ', 'ਸਟਿਲ ਇਨ ਦਾ ਗੇਮ' ਆਦਿ ਸ਼ੁਮਾਰ ਰਹੇ ਹਨ।
ਸਾਲ 2000 ਵਿੱਚ ਆਈ ਅਪਣੀ ਪਹਿਲੀ ਐਲਬਮ ਕਿੱਕਲੀ ਪਾ ਦੇ ਨਾਲ ਸੰਗੀਤਕ ਖੇਤਰ ਵਿੱਚ ਪ੍ਰਭਾਵੀ ਦਸਤਕ ਦੇਣ ਵਿੱਚ ਕਾਮਯਾਬ ਰਹੇ ਸਨ ਗਾਇਕ ਸੁਰਜੀਤ ਖਾਨ, ਜਿੰਨ੍ਹਾਂ ਨੇ ਢਾਈ ਦਹਾਕਿਆਂ ਦੇ ਸਫ਼ਰ ਬਾਅਦ ਵੀ ਪੰਜਾਬੀ ਸੰਗੀਤ ਜਗਤ ਵਿੱਚ ਅਪਣੀ ਧਾਂਕ ਕਾਇਮ ਰੱਖੀ ਹੋਈ ਹੈ, ਜਿੰਨ੍ਹਾਂ ਦੇ ਮਕਬੂਲ ਰਹੇ ਗੀਤਾਂ ਵਿੱਚ ਵੀ 'ਸੂਟ', 'ਦਿਲ ਦੀ ਕਿਤਾਬ', 'ਸੁਰਮਾ', 'ਜੁੱਤੀ' ਆਦਿ ਵੀ ਸ਼ਾਮਿਲ ਰਹੇ ਹਨ।