ਚੰਡੀਗੜ੍ਹ:ਸਾਲ 2002 ਵਿੱਚ ਰਿਲੀਜ਼ ਹੋਏ ਅਤੇ ਸੁਪਰ ਹਿੱਟ ਰਹੇ ਗਾਣੇ 'ਛੱਲੇ ਮੁਦੀਆਂ' ਨਾਲ ਚੋਟੀ ਦੇ ਗਾਇਕਾਂ ਵਿਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਸਨ ਗਾਇਕ ਸੁਖਵਿੰਦਰ ਪੰਛੀ, ਜੋ ਲੰਮੇਂ ਸਮੇਂ ਦੇ ਗਾਇਕੀ ਖਲਾਅ ਬਾਅਦ ਇੱਕ ਵਾਰ ਸੰਗੀਤਕ ਸਫਾਂ ਵਿੱਚ ਮੁੜ ਕਾਫ਼ੀ ਸਰਗਰਮ ਹੋਏ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇਸ ਖਿੱਤੇ ਵਿੱਚ ਵੱਧ ਰਹੀ ਕਾਰਜਸ਼ੀਲਤਾ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ ਸਰਦਾਰ ਊਧਮ ਸਿੰਘ, ਜੋ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਦਸਤਕ ਦੇਣ ਜਾ ਰਿਹਾ ਹੈ।
'ਐਸਪੀ ਰਿਕਾਰਡ' ਦੇ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਅਤੇ ਦੇਸ਼-ਭਗਤੀ ਨਾਲ ਅੋਤ-ਪੋਤ ਇਸ ਗਾਣੇ ਦਾ ਸੰਗੀਤ ਕਮਲ ਸੂਰਮਾ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤ ਦੀ ਸਿਰਜਣਾ ਬਿੱਟੂ ਕਾਂਝਲੀ ਵਾਲਾ ਨੇ ਕੀਤੀ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਦੇਸ਼ ਦੇ ਆਜ਼ਾਦੀ ਇਤਿਹਾਸ ਦਾ ਮਾਣਮੱਤਾ ਨਾਂਅ ਰਹੇ ਸਰਦਾਰ ਉਧਮ ਸਿੰਘ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਪਾਏ ਮਹਾਨ ਯੋਗਦਾਨ ਨੂੰ ਸਮਰਪਿਤ ਕੀਤਾ ਗਿਆ ਹੈ ਇਹ ਗਾਣਾ, ਜਿਸਨੂੰ ਗਾਇਕ ਸੁਖਵਿੰਦਰ ਪੰਛੀ ਵੱਲੋਂ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਗਿਆ ਹੈ।