ਪੰਜਾਬ

punjab

ETV Bharat / entertainment

ਬੱਸ ਡਰਾਈਵਰ ਦੇ ਮੁੰਡੇ ਨੇ ਸਾਰੀ ਦੁਨੀਆਂ ਲਾਈ ਪਿੱਛੇ, ਹੁਣ ਪੱਗ ਅਤੇ ਪੰਜਾਬੀਅਤ ਨਾਲ ਪਾ ਰਿਹਾ ਧੱਕ - DILJIT DOSANJH FATHER WORK

ਇੱਥੇ ਅਸੀਂ 'ਦਿਲ-ਲੂਮਿਨਾਟੀ' ਟੂਰ ਨਾਲ ਛਾਏ ਹੋਏ ਦਿਲਜੀਤ ਦੁਸਾਂਝ ਦੇ ਕਰੀਅਰ ਬਾਰੇ ਕੁੱਝ ਅਣਸੁਣੀਆਂ ਗੱਲਾਂ ਲੈ ਕੇ ਆਏ ਹਾਂ।

Punjabi singer actor diljit dosanjh
Punjabi singer actor diljit dosanjh (ETV BHARAT)

By ETV Bharat Entertainment Team

Published : Oct 30, 2024, 4:40 PM IST

Updated : Oct 30, 2024, 4:56 PM IST

ਚੰਡੀਗੜ੍ਹ:ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿੱਚ ਬੁਲੰਦੀਆਂ ਛੂਹ ਰਹੇ ਦਿਲਜੀਤ ਦੁਸਾਂਝ ਅੱਜ ਇੰਟਰਨੈਸ਼ਨਲ ਪੱਧਰ ਉੱਪਰ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ। ਪੰਜਾਬ ਤੋਂ ਸੱਤ ਸੁਮੰਦਰ ਪਾਰ ਤੱਕ ਅਪਣੀ ਨਾਯਾਬ ਗਾਇਕੀ ਕਲਾ ਦੀਆਂ ਧੂੰਮਾਂ ਪਾ ਰਹੇ ਇਸ ਦੇਸੀ ਰੌਕ ਸਟਾਰ ਲਈ ਆਸਾਨ ਨਹੀਂ ਰਿਹਾ ਇੱਥੋਂ ਤੱਕ ਦਾ ਪੈਂਡਾ, ਜਿੰਨ੍ਹਾਂ ਦੀ ਜ਼ਿੰਦਗੀ ਅਤੇ ਕਰੀਅਰ ਸਫ਼ਰ ਨਾਲ ਜੁੜੇ ਇੰਨ੍ਹਾਂ ਹੀ ਅਣਛੂਹੇ ਪਹਿਲੂਆਂ ਵੱਲ ਆਓ ਮਾਰਦੇ ਹਾਂ ਇੱਕ ਝਾਤ:

ਪੰਜਾਬ ਦੇ ਜਲੰਧਰ ਜ਼ਿਲ੍ਹੇ ਅਧੀਨ ਆਉਂਦੇ ਤਹਿਸੀਲ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਵਿੱਚ ਉਨ੍ਹਾਂ ਦਾ ਜਨਮ ਸਾਲ 1984 ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ, ਜਿੰਨ੍ਹਾਂ ਦੇ ਪਿਤਾ ਬਲਬੀਰ ਸਿੰਘ ਪੰਜਾਬ ਰੋਡਵੇਜ਼ ਵਿੱਚ ਬੱਸ ਡਰਾਈਵਰ ਵਜੋਂ ਕੰਮ ਕਰਦੇ ਸਨ ਅਤੇ ਮਾਤਾ ਸੁਖਵਿੰਦਰ ਕੌਰ ਇੱਕ ਘਰੇਲੂ ਔਰਤ ਸੀ।

ਬਚਪਨ ਸਮੇਂ ਤੋਂ ਹੀ ਬਹੁ-ਪੱਖੀ ਪ੍ਰਤਿਭਾ ਦੇ ਧਨੀ ਰਹੇ ਦਿਲਜੀਤ ਦੁਸਾਂਝ ਨੇ ਮੁੱਢਲੀ ਵਿੱਦਿਆ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਗ੍ਰੈਜੂਏਸ਼ਨ ਫਿਲੌਰ ਤੋਂ ਪੂਰੀ ਕੀਤੀ। ਅਲੜ੍ਹਪੁਣੇ ਤੋਂ ਹੀ ਗਾਇਕੀ ਵਾਲੇ ਪਾਸੇ ਚੇਟਕ ਰੱਖਦੇ ਇਹ ਹੋਣਹਾਰ ਗਾਇਕ ਕਾਲਜੀਏਟ ਸਫ਼ਰ ਦੌਰਾਨ ਹੀ ਲੁਧਿਆਣੇ ਗਾਇਕੀ ਗਲਿਆਰਿਆਂ ਵਿੱਚ ਪੈਰ ਪਸਹਰਨ ਲੱਗ ਪਏ ਸਨ, ਜਿੰਨ੍ਹਾਂ ਰਸਮੀ ਗਾਇਕੀ ਦਾ ਆਗਾਜ਼ ਗੁਰਦੁਆਰਾ ਸਾਹਿਬ ਵਿੱਚ ਸ਼ਬਦ ਗਾਇਨ ਨਾਲ ਕੀਤਾ।

ਪੰਜਾਬੀਅਤ ਦਾ ਮਾਣ ਦੁਨੀਆਭਰ ਵਿੱਚ ਵਧਾਉਣ ਵਾਲੇ ਦਿਲਜੀਤ ਦੁਸਾਂਝ ਨੇ ਗਾਇਕੀ ਖੇਤਰ ਵਿੱਚ ਦਸਤਕ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਓੜਾ ਐੜਾ' (2003) ਨਾਲ ਮਹਿਜ਼ 18 ਸਾਲ ਦੀ ਉਮਰ ਵਿੱਚ ਕੀਤੀ। ਉਪਰੰਤ ਉਨ੍ਹਾਂ ਦੀ ਜੋ ਅਗਲੀ ਐਲਬਮ ਰਹੀ 'ਉਹ ਸੀ ਦਿਲ', ਜੋ ਉਸੇ ਸਾਲ ਰਿਲੀਜ਼ ਹੋਈ।

ਹਾਲਾਂਕਿ ਜਿਸ ਐਲਬਮ ਨੇ ਉਨ੍ਹਾਂ ਨੂੰ ਸੁਪ੍ਰਸਿੱਧ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉਹ ਸੀ ਸਾਲ 2005 ਵਿੱਚ ਰਿਲੀਜ਼ ਹੋਈ ਉਨ੍ਹਾਂ ਦੀ ਤੀਜੀ ਐਲਬਮ 'ਸਮਾਈਲ', ਜੋ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।

ਪੰਜਾਬੀ ਸਿਨੇਮਾ ਖੇਤਰ ਨਾਲ ਬਣੇ ਉਨ੍ਹਾਂ ਦੇ ਜੁੜਾਵ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ 'ਮੇਲ ਕਰਾਂਦੇ ਰੱਬਾ' 'ਚ ਕੀਤੇ ਕੈਮਿਓ ਰੋਲ ਤੋਂ ਹੋਈ, ਜਿਸ ਉਪਰੰਤ ਉਨ੍ਹਾਂ ਦੀ ਅਸਲ ਪਾਰੀ 'ਜਿੰਨੇ ਮੇਰਾ ਦਿਲ ਲੁੱਟਿਆ' ਨਾਲ ਸ਼ੁਰੂ ਹੋਈ, ਜੋ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਪੰਜਾਬ 1984' ਆਦਿ ਨਾਲ ਪੜਾਅ ਦਰ ਪੜਾਅ ਉੱਚ ਬੁਲੰਦੀਆਂ ਵੱਲ ਵੱਧਦੀ ਗਈ, ਜਿਸ ਦਾ ਦਾਇਰਾ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿੱਚ ਵੀ ਮਾਣਮੱਤਾ ਰੂਪ ਅਖ਼ਤਿਆਰ ਕਰ ਚੁੱਕਾ ਹੈ, ਜਿਸ ਦਾ ਅਹਿਸਾਸ 'ਉੜਤਾ ਪੰਜਾਬ', 'ਫਿਲੌਰੀ', 'ਗੁੱਡ ਨਿਊਜ਼' ਆਦਿ ਜਿਹੀਆਂ ਬੇਸ਼ੁਮਾਰ ਹਿੰਦੀ ਫਿਲਮਾਂ ਭਲੀਭਾਂਤ ਕਰਵਾ ਚੁੱਕੀਆਂ ਹਨ।

ਦਿਲਜੀਤ ਦੁਸਾਂਝ ਦੇ ਸ਼ੋਅਜ਼ ਦੀ ਲਿਸਟ (ETV BHARAT)

ਸਾਲ 2020 ਵਿੱਚ ਉਨ੍ਹਾਂ ਆਪਣੀ 11ਵੀਂ ਐਲਬਮ 'G.O.A.T' ਦੇ ਰਿਲੀਜ਼ ਹੋਣ ਤੋਂ ਬਾਅਦ ਬਿੱਲਬੋਰਡ ਦੇ ਸੋਸ਼ਲ 50 ਚਾਰਟ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਦੀ ਇਸੇ ਐਲਬਮ ਨੇ ਚੋਟੀ ਦੇ 10 ਗਲੋਬਲ ਚਾਰਟ ਦੇ ਸਿਖਰ 'ਤੇ ਅਪਣਾ ਸ਼ਾਨਮੱਤਾ ਇਜ਼ਹਾਰ ਕਰਵਾਇਆ।

ਇਸ ਤੋਂ ਇਲਾਵਾ ਗਾਇਕ ਨੇ ਕੈਨੇਡੀਅਨ ਐਲਬਮਾਂ ਚਾਰਟ 'ਤੇ ਚੋਟੀ ਦੇ 20 ਵਿੱਚੋਂ ਇੱਕ ਸਥਾਨ ਪ੍ਰਾਪਤ ਕੀਤਾ। ਕੋਲੰਬੀਆ ਦੇ ਗਾਇਕ ਕੈਮੀਲੋ, ਸੀਆ, ਸਵੀਟੀ ਵਰਗੇ ਕਈ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਸਹਿਯੋਗ ਅਤੇ ਮੁੰਬਈ ਵਿੱਚ ਐਡ ਸ਼ੀਰਨ ਨਾਲ ਵੀ ਪ੍ਰਦਰਸ਼ਨ ਵੀ ਉਨ੍ਹਾਂ ਦੀ ਮਾਣਮੱਤੀਆਂ ਪ੍ਰਾਪਤੀਆਂ ਵਿੱਚ ਸ਼ੁਮਾਰ ਰਿਹਾ ਹੈ।

ਸਾਲ 2023 ਵਿੱਚ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਉਤਸਵ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾਂ ਭਾਰਤੀ ਕਲਾਕਾਰ ਬਣ ਗਿਆ ਦਿਲਜੀਤ ਦੁਸਾਂਝ, ਜਿਸ ਦਾ ਇਹ ਆਨ-ਬਾਨ-ਸ਼ਾਨ ਭਰਿਆ ਸਫ਼ਰ ਬਾ-ਦਸਤੂਰ ਜਾਰੀ ਹੈ।

ਸਾਲ 2016 ਵਿੱਚ ਕ੍ਰਾਈਮ ਥ੍ਰਿਲਰ 'ਉੜਤਾ ਪੰਜਾਬ' ਨਾਲ ਉਨ੍ਹਾਂ ਆਪਣਾ ਬਾਲੀਵੁੱਡ ਡੈਬਿਊ ਕੀਤਾ, ਜਿਸ ਲਈ ਉਸਨੂੰ ਬੈਸਟ ਮੇਲ ਡੈਬਿਊ ਲਈ ਫਿਲਮਫੇਅਰ ਐਵਾਰਡ ਤੋਂ ਇਲਾਵਾ ਸਰਵੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਐਵਾਰਡ ਮਿਲਿਆ। ਇਸ ਤੋਂ ਬਾਅਦ 'ਗੁੱਡ ਨਿਊਜ਼' (2019) ਆਈ, ਜਿਸ ਲਈ ਉਸਨੂੰ ਸਰਵੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਐਵਾਰਡ ਲਈ ਦੂਜੀ ਨਾਮਜ਼ਦਗੀ ਮਿਲੀ।

ਪੰਜ ਵਾਰ ਸਰਵੋਤਮ ਅਦਾਕਾਰ ਲਈ ਪੀਟੀਸੀ ਐਵਾਰਡ ਜਿੱਤਣ ਵਾਲੇ ਦਿਲਜੀਤ ਦੁਸਾਂਝ ਰਿਐਲਿਟੀ ਸ਼ੋਅ ਰਾਈਜ਼ਿੰਗ ਸਟਾਰ ਦੇ ਤਿੰਨ ਸੀਜ਼ਨਾਂ ਵਿੱਚ ਵੀ ਜੱਜ ਵਜੋਂ ਵੀ ਨਜ਼ਰ ਆ ਚੁੱਕੇ ਹਨ। 'ਦਿਲ-ਲੂਮਿਨਾਟੀ' ਟੂਰ ਸਿਰਜ ਰਿਹਾ ਨਵੇਂ ਦਿਸਹਿੱਦੇ ਹਾਲ ਹੀ ਦੇ ਸਮੇਂ ਦੌਰਾਨ ਦਿਲਜੀਤ ਦੁਸਾਂਝ ਵੱਲੋਂ ਆਰੰਭਿਆ 'ਦਿਲ-ਲੂਮਿਨਾਟੀ' ਟੂਰ ਵੀ ਹੱਦਾਂ-ਸਰਹੱਦਾਂ ਪਾਰ ਤੱਕ ਲੋਕਪ੍ਰਿਯਤਾ ਦੇ ਨਵੇਂ ਅਯਾਮ ਕਾਇਮ ਕਰ ਰਿਹਾ ਹੈ, ਜੋ ਕੈਨੇਡਾ, ਅਮਰੀਕਾ, ਆਸਟ੍ਰੇਲੀਆਂ, ਇੰਗਲੈਂਡ ਤੋਂ ਲੈ ਦੁਨੀਆ ਦੇ ਹਰ ਖਿੱਤੇ ਵਿੱਚ ਨਿੱਤ ਨਵੇਂ ਅਯਾਮ ਕਾਇਮ ਕਰ ਰਿਹਾ ਹੈ।

ਇਹ ਵੀ ਪੜ੍ਹੋ:

Last Updated : Oct 30, 2024, 4:56 PM IST

ABOUT THE AUTHOR

...view details