ਹੈਦਰਾਬਾਦ:'ਗਰੀਬਾਂ ਦੇ ਮਸੀਹਾ' ਵਜੋਂ ਜਾਣੇ ਜਾਂਦੇ ਸੋਨੂੰ ਸੂਦ ਅੱਜ 30 ਜੁਲਾਈ ਨੂੰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਸੋਨੂੰ ਸੂਦ ਨੂੰ ਉਸ ਸਮੇਂ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ, ਜਦੋਂ ਕੋਵਿਡ-19 ਕਾਰਨ ਦੇਸ਼ ਵਿੱਚ ਹਾਹਾਕਾਰ ਮੱਚੀ ਹੋਈ ਸੀ ਅਤੇ ਲੋਕ ਘਰੋਂ ਬਾਹਰ ਜਾਣ ਤੋਂ ਵੀ ਡਰਦੇ ਸਨ, ਪਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਸ ਜਾਨਲੇਵਾ ਸੰਕਟ ਵਿੱਚ ਲੋਕਾਂ ਲਈ ਖੜ੍ਹੇ ਰਹੇ। ਸੋਨੂੰ ਸੂਦ ਨੇ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਸੀ। ਸੋਨੂੰ ਸੂਦ ਨੇ ਲੋੜਵੰਦਾਂ ਦੀ ਮਦਦ ਕਰਨ ਦਾ ਸਿਲਸਿਲਾ ਅੱਜ ਵੀ ਜਾਰੀ ਰੱਖਿਆ ਹੈ। ਅੱਜ ਵੀ ਸੋਨੂੰ ਸੂਦ ਦੇ ਘਰ ਬਾਹਰ ਮਦਦ ਮੰਗਣ ਵਾਲਿਆਂ ਦੀ ਭੀੜ ਇਕੱਠੀ ਹੁੰਦੀ ਹੈ। ਜਨਮਦਿਨ ਮੌਕੇ ਵੀ ਸੋਨੂੰ ਸੋਦੂ ਦੇ ਘਰ ਇਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।
ਸੋਨੂੰ ਸੂਦ ਦਾ ਜਨਮ:30 ਜੁਲਾਈ 1973 ਨੂੰ ਸੋਨੂੰ ਦਾ ਜਨਮ ਪੰਜਾਬ ਦੇ ਮੋਗਾ ਵਿੱਚ ਹੋਇਆ ਸੀ। ਸੋਨੂੰ ਦੇ ਪਿਤਾ ਸ਼ਕਤੀ ਸੂਦ ਦੀ ਕੱਪੜੇ ਦੀ ਦੁਕਾਨ ਸੀ ਅਤੇ ਮਾਂ ਸਰੋਜ ਸੂਦ ਅਧਿਆਪਕਾ ਸੀ। ਸੋਨੂੰ ਦੀ ਭੈਣ ਮੋਨਿਕਾ ਵਿਗਿਆਨੀ ਹੈ। ਸੋਨੂੰ ਸੂਦ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਉਸਨੇ ਆਪਣੇ ਕਾਲਜ਼ ਦੇ ਦਿਨਾਂ ਦੌਰਾਨ ਮਾਡਲਿੰਗ ਸ਼ੁਰੂ ਕੀਤੀ ਸੀ। ਸਾਲ 1996 'ਚ ਸਿਰਫ 23 ਸਾਲ ਦੀ ਉਮਰ 'ਚ ਸੋਨੂੰ ਨੇ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਸੋਨਾਲੀ ਸ਼੍ਰੀਧਰ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਮੁਲਾਕਾਤ ਇੰਜੀਨੀਅਰਿੰਗ ਕਾਲਜ 'ਚ ਹੋਈ ਸੀ।
ਸੋਨੂੰ ਸੂਦ ਦਾ ਕਰੀਅਰ: ਸਾਲ 1999 'ਚ 27 ਸਾਲ ਦੀ ਉਮਰ 'ਚ ਸੋਨੂੰ ਨੇ ਤਾਮਿਲ ਫਿਲਮ 'ਕੱਲਾਝਗਰ' ਨਾਲ ਐਕਟਿੰਗ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਅੱਜ ਤੱਕ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 2002 ਵਿੱਚ ਸੋਨੂੰ ਨੇ ਦੇਸ਼ ਭਗਤੀ ਫਿਲਮ 'ਸ਼ਹੀਦ-ਏ-ਆਜ਼ਮ' ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸਾਲ 2004 'ਚ ਫਿਲਮ 'ਯੁਵਾ' 'ਚ ਅਭਿਸ਼ੇਕ ਬੱਚਨ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਹ ਸਾਲ 2005 'ਚ ਰੋਮਾਂਟਿਕ ਥ੍ਰਿਲਰ ਫਿਲਮ 'ਆਸ਼ਿਕ ਬਨਾਇਆ ਆਪਨੇ' ਨਾਲ ਦਰਸ਼ਕਾਂ ਦੀ ਲਾਈਮਲਾਈਟ 'ਚ ਆਏ।
ਉਹ ਵੱਡੇ ਬਜਟ ਦੀਆਂ ਫਿਲਮਾਂ ਜੋਧਾ ਅਕਬਰ, ਸ਼ੂਟਆਊਟ ਐਟ ਵਡਾਲਾ, ਦਬੰਗ, ਸਿੰਘ ਇਜ਼ ਕਿੰਗ, ਹੈਪੀ ਨਿਊ ਈਅਰ ਅਤੇ ਸਿੰਬਾ ਵਿੱਚ ਵੀ ਨਜ਼ਰ ਆ ਚੁੱਕੇ ਹਨ। ਦੱਖਣ ਤੋਂ ਬਾਲੀਵੁੱਡ ਤੱਕ, ਸੋਨੂੰ ਨੇ ਅਦਾਕਾਰ ਅਤੇ ਖਲਨਾਇਕ ਦੋਵਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਇਸ ਦੇ ਨਾਲ ਹੀ, ਸੋਨੂੰ ਨੇ ਐਮਟੀਵੀ ਰੋਡੀਜ਼ ਸੀਜ਼ਨ 19 ਅਤੇ 20 ਵਿੱਚ ਜੱਜ ਵਜੋਂ ਵੀ ਕੰਮ ਕੀਤਾ ਹੈ।
ਸੋਨੂੰ ਸੂਦ ਦੀ ਆਉਣ ਵਾਲੀ ਫਿਲਮ: ਸੋਨੂੰ ਸੂਦ ਦੀ ਆਉਣ ਵਾਲੀ ਫਿਲਮ 'ਫਤਿਹ' ਹੈ, ਜੋ ਕਿ ਐਕਸ਼ਨ ਕ੍ਰਾਈਮ ਥ੍ਰਿਲਰ ਫਿਲਮ ਹੈ। ਇਸ 'ਚ ਉਹ ਸ਼ਾਨਦਾਰ ਭੂਮਿਕਾ ਨਿਭਾਉਣ ਜਾ ਰਹੇ ਹਨ। ਅੱਜ ਆਪਣੇ ਜਨਮਦਿਨ 'ਤੇ ਸੋਨੂੰ ਇਸ ਫਿਲਮ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੌਹਫਾ ਦੇ ਸਕਦੇ ਹਨ। ਇਸ ਫਿਲਮ ਨੂੰ ਸੋਨੂੰ ਸੂਦ ਖੁਦ ਬਣਾ ਰਹੇ ਹਨ। ਫਿਲਮ ਵਿੱਚ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।
ਸੋਨੂੰ ਸੂਦ ਦੀ ਸਮਾਜ ਸੇਵਾ:ਸੋਨੂੰ ਸੂਦ ਨੇ ਕੋਵਿਡ 19 ਦੌਰਾਨ ਲੋਕਾਂ ਦੀ ਬਹੁਤ ਮਦਦ ਕੀਤੀ ਹੈ, ਜਿਸ ਕਰਕੇ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਹੈ। ਅਦਾਕਾਰ ਨੇ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ, ਉਨ੍ਹਾਂ ਦਾ ਇਲਾਜ, ਸਿੱਖਿਆ ਅਤੇ ਨੌਕਰੀਆਂ ਦੇਣ ਵਰਗੇ ਕੰਮ ਕੀਤੇ ਹਨ। ਇਸ ਲਈ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਦੁਆਰਾ SDG ਵਿਸ਼ੇਸ਼ ਮਾਨਵਤਾਵਾਦੀ ਕਾਰਵਾਈ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ। ਸੋਨੂੰ ਸੂਦ ਨੇ ਕਿਰਗਿਸਤਾਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਇੱਕ ਚਾਰਟਰਡ ਜਹਾਜ਼ ਵੀ ਭੇਜਿਆ ਸੀ।