Son of Sardar 2 Shooting Begins In Punjab:ਬਾਲੀਵੁੱਡ ਦੀਆਂ ਬਹੁ-ਚਰਚਿਤ ਆਉਣ ਵਾਲੀਆਂ ਫਿਲਮਾਂ ਵਿੱਚ ਸ਼ਾਮਿਲ 'ਸੰਨ ਆਫ ਸਰਦਾਰ 2' ਦੀ ਸ਼ੂਟਿੰਗ ਪੰਜਾਬ ਵਿੱਚ ਸ਼ੂਰੂ ਹੋ ਚੁੱਕੀ ਹੈ, ਜਿਸ ਦੇ ਇਸ ਦੂਸਰੇ ਸ਼ੈਡਿਊਲ ਦਾ ਪੰਜਾਬੀ ਸਿਨੇਮਾ ਨਾਲ ਜੁੜੇ ਬਹੁ-ਪੱਖੀ ਅਦਾਕਾਰ ਸੁਖਵਿੰਦਰ ਰਾਜ ਅਤੇ ਅੰਮ੍ਰਿਤ ਅੰਬੀ ਨੂੰ ਵੀ ਅਹਿਮ ਹਿੱਸਾ ਬਣਾਇਆ ਗਿਆ ਹੈ।
'ਜਿਓ ਸਟੂਡਿਓਜ਼' ਅਤੇ 'ਦੇਵਗਨ ਫਿਲਮਜ਼' ਵੱਲੋਂ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਅਜੇ ਦੇਵਗਨ, ਜਯੋਤੀ ਦੇਸ਼ਪਾਂਡੇ, ਐਨਆਰ ਪਚੀਸਿਆ, ਪ੍ਰਵੀਨ ਤਲਰੇਜਾ ਅਤੇ ਕੁਮਾਰ ਮੰਗਤ ਪਾਠਕ ਹਨ ਜਦਕਿ ਨਿਰਦੇਸ਼ਨ ਕਮਾਂਡ ਵਿਜੇ ਕੁਮਾਰ ਅਰੋੜਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਸਾਲ 2012 ਵਿੱਚ ਰਿਲੀਜ਼ ਹੋਈ ਅਤੇ ਖਾਸੀ ਚਰਚਾ ਅਤੇ ਸਫ਼ਲਤਾ ਹਾਸਿਲ ਕਰਨ ਵਾਲੀ 'ਸੰਨ ਆਫ਼ ਸਰਦਾਰ' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਹਿੰਦੀ ਫਿਲਮ, ਜਿਸ ਵਿੱਚ ਅਜੇ ਦੇਵਗਨ ਅਤੇ ਮ੍ਰਿਣਾਲ ਠਾਕੁਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਵਿੰਦੂ ਦਾਰਾ ਸਿੰਘ, ਚੰਕੀ ਪਾਂਡੇ, ਨੀਰੂ ਬਾਜਵਾ, ਦੀਪਕ ਡੋਬਰਿਆਲ, ਮੁਕੁਲ ਦੇਵ, ਕੁੱਬਰਾ ਸੈਤ, ਸ਼ਰਤ ਸਕਸੈਨਾ, ਅਸ਼ਵਨੀ ਕਲਸੇਕਰ ਅਤੇ ਰੌਸ਼ਨੀ ਵਾਲੀਆ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।