ਚੰਡੀਗੜ੍ਹ:ਪੰਜਾਬੀ ਗੀਤਕਾਰੀ ਅਤੇ ਸਾਹਿਤ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਜ਼ੀਮ ਅਤੇ ਪ੍ਰਵਾਸੀ ਗੀਤਕਾਰ ਸ਼ੰਮੀ ਜਲੰਧਰੀ, ਜੋ ਬਤੌਰ ਗੀਤਕਾਰ ਆਪਣਾ ਨਵਾਂ ਟ੍ਰੈਕ 'ਝੁਮਕੇ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਜੈਡਐਨਬੀ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਨੂੰ ਅਵਾਜ਼ ਜੋਹੇਬ ਨਈਮ ਬੱਬਰ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਰਹੀਲ ਫਿਆਜ਼ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
ਸੰਗੀਤਕ ਗਲਿਆਰਿਆਂ ਵਿੱਚ ਨਿਵੇਕਲੀ ਤਰੋ-ਤਾਜ਼ਗੀ ਦਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੇ ਇਸ ਬੀਟ ਸੌਂਗ ਦੁਆਰਾ ਸਦਾ ਬਹਾਰ ਗਾਇਕੀ ਅਤੇ ਸੰਗੀਤਕਾਰੀ ਨੂੰ ਮੁੜ ਹੁਲਾਰਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸੰਬੰਧਤ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਗੀਤਕਾਰ ਸ਼ੰਮੀ ਜਲੰਧਰੀ ਨੇ ਦੱਸਿਆ 'ਪਿਆਰ ਅਤੇ ਸਨੇਹ ਭਰੇ ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਵਿੱਚ ਦਿਲ ਟੁੰਬਵੇਂ ਸ਼ਬਦਾਂ ਅਤੇ ਮਨਮੋਹਕ ਸੰਗੀਤ ਦਾ ਸੁਮੇਲ ਸ਼ਾਮਿਲ ਕੀਤਾ ਗਿਆ ਹੈ, ਜੋ ਕੁਝ ਅਲਹਦਾ ਸੁਣਨ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਪਸੰਦ ਆਵੇਗਾ।