ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਨਿਵੇਕਲੇ ਅਤੇ ਮਾਣਮੱਤੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਰਵਿੰਦਰ ਗਰੇਵਾਲ, ਜੋ ਆਪਣਾ ਨਵਾਂ ਗੀਤ 'ਤਾਂ ਰੋਣੀ ਆ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਸੱਜਿਆ ਇਹ ਖੂਬਸੂਰਤ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਟੇਡੀ ਪੱਗ ਰਿਕਾਰਡਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਡਿੰਪਲ ਚੀਮਾ 'ਬਲੈਕ ਲਾਈਫ ਸਟੂਡੀਓਜ਼' ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਅਲਫਾਜ਼ਾਂ ਦੀ ਰਚਨਾ ਪਿੰਦਰ ਨਬੀ ਅਤੇ ਬਰੇਹ ਅਲਾ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਮਕਬੂਲ ਗੀਤਾਂ ਦੀ ਰਚਨਾ ਕਰ ਚੁੱਕੇ ਹਨ।
ਪਿਆਰ-ਸਨੇਹ ਭਰੇ ਜਜ਼ਬਤਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ-ਅਦਾਕਾਰਾ ਅਮਨ ਸੰਧੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।