ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਅਤੇ ਸਫ਼ਲ ਨਾਂਅ ਵਜੋਂ ਵਜ਼ੂਦ ਰੱਖਦੇ ਪ੍ਰਭ ਗਿੱਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਤੀ ਲਈ ਲਗਾਤਾਰ ਯਤਨਸ਼ੀਲ ਹਨ, ਜਿੰਨ੍ਹਾਂ ਵੱਲੋਂ ਬਤੌਰ ਅਦਾਕਾਰ ਸਿਰਜੀਆਂ ਜਾ ਰਹੀਆਂ ਮਜ਼ਬੂਤ ਪੈੜ੍ਹਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਇੱਕ ਤੇਰੇ ਕਰਕੇ', ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਬੀ ਟਾਊਨ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਅਜੀਤ ਸ਼ੀਰਾ ਅਤੇ ਰੀਤ ਵੜੈਚ ਹਨ, ਜਦਕਿ ਨਿਰਦੇਸ਼ਨ ਕਮਾਂਡ ਬੰਟੀ ਜੰਡਾਵਾਲੀਆਂ ਵੱਲੋਂ ਸੰਭਾਲੀ ਗਈ ਹੈ, ਜੋ ਇਸ ਫਿਲਮ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਪਾਲੀਵੁੱਡ ਵਿੱਚ ਅਪਣੀ ਪਲੇਠੀ ਅਤੇ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਸਾਲ 2023 ਵਿੱਚ ਸ਼ੁਰੂ ਹੋਈ ਅਤੇ ਬਿੱਗ ਸੈੱਟਅੱਪ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਅਦਾਕਾਰ ਪ੍ਰਭ ਗਿੱਲ ਅਤੇ ਮਿਊਜ਼ਿਕ ਵੀਡੀਓਜ਼ ਦੇ ਖੇਤਰ ਦਾ ਸਨਸਨੀ ਚਿਹਰਾ ਰਹੀ ਮਾਡਲ ਅਤੇ ਅਦਾਕਾਰਾ ਕਮਲ ਖੰਗੂੜਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਿਲਵਰ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।