ਚੰਡੀਗੜ੍ਹ: ਪੰਜਾਬੀ ਗਾਇਕੀ ਖੇਤਰ ਵਿੱਚ ਬਤੌਰ ਗਾਇਕ ਅਤੇ ਮਿਊਜ਼ਿਕ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਗਾਇਕ ਨਿਰਮਲ ਸਿੱਧੂ, ਜੋ ਆਪਣੇ ਸ਼ਾਗਿਰਦ ਅਤੇ ਪ੍ਰਤਿਭਾਵਾਨ ਗਾਇਕ ਸ਼ੋਬੀ ਸਾਰਵਾਨ ਪਹਿਲੀ ਵਾਰ ਗਾਇਨ ਜੁਗਲਬੰਦੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਬਿਹਤਰੀਨ ਟਰੈਕ 'ਲੱਭਦੀ ਬਹਾਨੇ' 24 ਅਪ੍ਰੈਲ ਨੂੰ ਜਾਰੀ ਹੋਣ ਜਾ ਰਿਹਾ ਹੈ।
'ਜਤਿਨ ਕੇ ਚੰਦਨਾ' ਵੱਲੋਂ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਟ੍ਰੈਕ ਦਾ ਮਿਊਜ਼ਿਕ ਕੇਪੀ ਮਿਊਜ਼ਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਸੁਖਵੀਰ ਰੱਤੋਕੇ ਨੇ ਸਿਰਜੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਦੋਹਾਂ ਮੰਝੇ ਹੋਏ ਗਾਇਕਾ ਵੱਲੋਂ ਬਹੁਤ ਹੀ ਖੁੰਬ ਕੇ ਅਤੇ ਖੂਬਸੂਰਤ ਅੰਦਾਜ਼ ਵਿੱਚ ਗਾਇਆ ਗਿਆ ਹੈ, ਜਿੰਨ੍ਹਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਤਿਆਰ ਹੋਇਆ ਇਹ ਟਰੈਕ ਕਈ ਪੱਖੋ ਸੰਗੀਤਕ ਤਰੋ-ਤਾਜ਼ਗੀ ਦਾ ਵੀ ਅਹਿਸਾਸ ਦਰਸ਼ਕਾਂ ਨੂੰ ਕਰਵਾਏਗਾ।
ਸੰਗੀਤਕ ਖੇਤਰ ਵਿੱਚ ਲੰਮੇਰਾ ਪੈਂਡਾ ਸਫਲਤਾ ਪੂਰਵਕ ਤੈਅ ਕਰ ਚੁੱਕੇ ਗਾਇਕ-ਸੰਗੀਤਕਾਰ ਨਿਰਮਲ ਸਿੱਧੂ ਅਨੁਸਾਰ ਨੌਜਵਾਨ ਗਾਇਕ ਸ਼ੋਬੀ ਸਾਰਵਾਨ ਵੱਲੋਂ ਉਕਤ ਟਰੈਕ ਨੂੰ ਹਰ ਪੱਖੋ ਬਿਹਤਰੀਨ ਰੂਪ ਦੇਣ ਲਈ ਉਨ੍ਹਾਂ ਨਾਲ ਕਾਫ਼ੀ ਮਿਹਨਤ ਅਤੇ ਰਿਆਜ਼ ਕੀਤਾ ਗਿਆ ਹੈ, ਜਿਸ ਦੇ ਗਾਇਕੀ ਕਰੀਅਰ ਨੂੰ ਹੋਰ ਉੱਚੀ ਪਰਵਾਜ਼ ਦੇਣ ਵਿੱਚ ਵੀ ਇਹ ਗਾਣਾ ਅਹਿਮ ਭੂਮਿਕਾ ਨਿਭਾਵੇਗਾ।
ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਕਈ ਮਿਆਰੀ ਗੀਤਾਂ ਨਾਲ ਸਰੋਤਿਆਂ ਅਤੇ ਦਰਸ਼ਕਾਂ ਦੀ ਭਰਵੀਂ ਸਲਾਹੁਤਾ ਹਾਸਿਲ ਕਰਨ ਵਿੱਚ ਵੀ ਸਫਲ ਰਹੇ ਨਿਰਮਲ ਸਿੱਧੂ, ਜਿੰਨ੍ਹਾਂ ਨੇ ਦੱਸਿਆ ਕਿ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਨਵੀਆਂ ਪ੍ਰਤਿਭਾਵਾਂ ਨੂੰ ਅੱਗੇ ਲਿਆਉਣ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਵੀ ਹਮੇਸ਼ਾ ਯਤਨਸ਼ੀਲ ਰਹੇ ਹਨ, ਜਿਸ ਸੰਬੰਧੀ ਅਮਲ ਵਿੱਚ ਲਿਆਂਦੇ ਜਾ ਰਹੇ ਯਤਨਾਂ ਦੀ ਲੜੀ ਵਜੋਂ ਹੀ ਸਾਹਮਣੇ ਆ ਰਿਹਾ ਹੈ, ਉਨ੍ਹਾਂ ਦਾ ਇਹ ਬੀਟ ਗੀਤ, ਜੋ ਸੁਣਨ ਵਾਲਿਆਂ ਦੀ ਪਸੰਦ ਕਸਵੱਟੀ 'ਤੇ ਪੂਰਾ ਖਰਾ ਉਤਰੇਗਾ।
ਪੰਜਾਬੀ ਲੋਕ ਗਾਇਕੀ ਅਤੇ ਪੁਰਾਤਨ ਵੰਨਗੀਆਂ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਵਿੱਚ ਲਗਾਤਾਰ ਅਹਿਮ ਯੋਗਦਾਨ ਪਾ ਰਹੇ ਨਿਰਮਲ ਸਿੱਧੂ , ਜਿਨ੍ਹਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਉਮਦਾ ਅਤੇ ਮਿਆਰੀ ਸ਼ਬਦਾਂਵਲੀ ਨਾਲ ਸਜੇ ਟਰੈਕ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਸੰਬੰਧਤ ਰਿਕਾਰਡਿੰਗ ਦਾ ਸਿਲਸਲਾ ਵੀ ਇੰਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।