ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਮਜ਼ਬੂਤ ਪੈੜਾ ਸਥਾਪਿਤ ਕਰ ਚੁੱਕੇ ਗਾਇਕ ਫਿਰੋਜ਼ ਖਾਨ, ਜੋ ਅਪਣੇ ਵਿਦੇਸ਼ੀ ਕਾਂਸਰਟ ਦੀ ਲੜੀ ਅਧੀਨ ਇੰਨੀ ਦਿਨੀ ਆਸਟ੍ਰੇਲੀਆ ਦੌਰੇ ਉਪਰ ਪੁੱਜੇ ਹਨ। ਜਿੰਨਾਂ ਵੱਲੋ ਗਾਇਕੀ ਖੇਤਰ ਵਿਚ ਪਾਏ ਜਾ ਰਹੇ ਅਨੂਠੇ ਯੋਗਦਾਨ ਦੇ ਚੱਲਦਿਆਂ ਉਥੋਂ ਦੀ ਸੰਸਦ ਦੁਆਰਾ ਉਨਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਕੰਗਾਰੂਆਂ ਦੀ ਮੌਜੂਦਗੀ ਨਾਲ ਸਜੀ ਇਸ ਖੂਬਸੂਰਤ ਧਰਤੀ 'ਤੇ ਮਿਲੇ ਇਸ ਅਹਿਮ ਮਾਣ ਤੋਂ ਫਿਰੋਜ਼ ਖਾਨ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਜਿੰਨਾਂ ਇਸ ਸਬੰਧੀ ਅਪਣੇ ਮਨ ਦੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਕਾਫ਼ੀ ਮਾਣ ਮਹਿਸੂਸ ਕਰ ਰਿਹਾ ਹਾਂ , ਕਿਉਂਕਿ ਇਸ ਨਾਲ ਕੇਵਲ ਮੇਰਾ ਹੀ ਨਹੀਂ ਸਗੋਂ ਪੰਜਾਬੀ ਗਾਇਕੀ ਦਾ ਕੱਦ ਅਤੇ ਵਿਸਥਾਰ ਵੀ ਦੁਨੀਆ-ਭਰ ਵਿਚ ਵਧਿਆ ਹੈ।
ਗਾਇਕ ਫਿਰੋਜ਼ ਖਾਨ ਦਾ ਵਿਦੇਸ਼ ਟੂਰ ਜਾਰੀ (ETV BHARAT) ਉਨ੍ਹਾਂ ਅੱਗੇ ਕਿਹਾ ਕਿ ਇਹ ਸ਼ਾਨਦਾਰ ਪਲ ਅਤੇ ਵੱਕਾਰੀ ਮਾਹੌਲ ਦੇਣ ਦਾ ਪੂਰਾ ਸਿਹਰਾ ਮਾਣਯੋਗ ਸੰਸਦ ਦਾ ਹਿੱਸਾ ਬਣੀਆਂ ਸਮੂਹ ਪੰਜਾਬੀ ਸ਼ਖਸ਼ੀਅਤਾਂ ਨੂੰ ਵੀ ਦੇਣਾ ਚਾਹਾਂਗਾ, ਜੋ ਮਿਆਰੀ ਗਾਇਕੀ ਅਤੇ ਪੁਰਾਤਨ ਪੰਜਾਬ ਦਾ ਅਟੁੱਟ ਹਿੱਸਾ ਰਹੀਆ ਵੰਨਗੀਆਂ ਅਤੇ ਕਲਾਵਾਂ ਨੂੰ ਵਿਦੇਸ਼ੀ ਮੁਲਕ ਵਿਚ ਸਹੇਜਣ ਅਤੇ ਇੰਨਾਂ ਦਾ ਪਸਾਰਾ ਕਰਨ ਵਿੱਚ ਲਗਾਤਾਰ ਅਹਿਮ ਯੋਗਦਾਨ ਪਾ ਰਹੀਆ ਹਨ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਿਵੇਕਲੀ ਗਾਇਕੀ ਦੀ ਧਾਂਕ ਜਮਾ ਚੁੱਕੇ ਇਸ ਬਾਕਮਾਲ ਗਾਇਕ ਅਨੁਸਾਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਖਿੱਤਿਆਂ ਵਿਚ ਉਨਾਂ ਦੇ ਲਗਾਤਾਰ ਅਤੇ ਵੱਡੇ ਪੱਧਰ ਉੱਪਰ ਆਯੋਜਿਤ ਹੋ ਰਹੇ ਸੋਅਜ਼ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾਂ ਅਤੇ ਪਿਆਰ-ਸਨੇਹ ਮਿਲ ਰਿਹਾ ਹੈ, ਜਿਸ ਲਈ ਚਾਹੁਣ ਵਾਲਿਆ ਦਾ ਜਿੰਨਾਂ ਸ਼ੁਕਰੀਆ ਅਦਾ ਕੀਤਾ ਜਾਵੇ ਉਨਾ ਹੀ ਥੋੜਾ ਹੈ।
ਗਾਇਕ ਫਿਰੋਜ਼ ਖਾਨ ਦਾ ਵਿਦੇਸ਼ ਟੂਰ ਜਾਰੀ (ETV BHARAT) ਪੰਜਾਬੀ ਗਾਇਕੀ ਦੇ ਨਾਲ-ਨਾਲ ਸਿਨੇਮਾਂ ਦੇ ਖੇਤਰ ਵਿੱਚ ਵੀ ਫਿਰੋਜ਼ ਖਾਨ ਬਤੌਰ ਪਲੇ ਬੈਕ ਗਾਇਕ ਨਵੇਂ ਆਯਾਮ ਸਿਰਜਦੇ ਜਾ ਰਹੇ ਹਨ। ਇਹ ਬੇਹਤਰੀਣ ਗਾਇਕ ਜਿੰਨਾਂ ਵੱਲੋਂ ਗਾਏ ਬੇਸ਼ੁਮਾਰ ਫਿਲਮੀ ਗੀਤ ਅਨੇਕਾਂ ਪੰਜਾਬੀ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਜਿੰਨਾਂ ਵਿਚ ਸਾਲ 2006 ਵਿਚ ਆਈ 'ਮੰਨਤ' ਵਿਚ ਗਾਇਆ 'ਪਾਣੀ ਦੀਆਂ ਛੱਲਾ', 2010 ਵਿਚ ਰਿਲੀਜ਼ ਹੋਈ 'ਮੇਲ ਕਰਾਂਦੇ ਰੱਬਾ' ਦਾ ਗਾਣਾ 'ਦਿਲ ਦਾ ਕਰਾਰ' ਆਦਿ ਸ਼ੁਮਾਰ ਰਹੇ ਹਨ, ਜੋ ਅਪਾਰ ਮਕਬੂਲੀਅਤ ਹਾਸਿਲ ਕਰਨ ਵਿਚ ਸਿਖਰਾਂ 'ਤੇ ਰਹੇ ਹਨ।