ਚੰਡੀਗੜ੍ਹ:ਹਾਲ ਹੀ ਵਿੱਚ 'ਬਦੋ ਬਦੀ' ਤੋਂ ਬਾਅਦ ਚਾਹਤ ਫਤਿਹ ਅਲੀ ਖਾਨ ਇੱਕ ਨਵੇਂ ਗੀਤ ਨਾਲ ਸਾਰਿਆਂ ਦੇ ਵਿਚਕਾਰ ਨਜ਼ਰ ਆਏ ਹਨ। ਉਨ੍ਹਾਂ ਨੇ 'ਬੈਡ ਨਿਊਜ਼' ਦੇ ਸੁਪਰਹਿੱਟ ਗੀਤ 'ਤੌਬਾ ਤੌਬਾ' ਨੂੰ ਰੀਕ੍ਰਿਏਟ ਕੀਤਾ ਹੈ, ਜਿਸ ਨੂੰ ਸੁਣਨ ਤੋਂ ਬਾਅਦ ਕਰਨ ਜੌਹਰ ਨੇ ਇਸ ਗੀਤ ਨੂੰ ਸ਼ੇਅਰ ਕੀਤਾ ਅਤੇ ਗਾਇਕ ਕਰਨ ਔਜਲਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ। ਇਸ ਸਭ ਤੋਂ ਬਾਅਦ ਹੁਣ ਇੱਕ ਵਾਰ ਫਿਰ ਚਾਹਤ ਫਤਿਹ ਅਲੀ ਖਾਨ ਨੇ ਕਰਨ ਔਜਲਾ ਨੂੰ ਇੱਕ ਸੰਦੇਸ਼ ਭੇਜਿਆ ਹੈ ਅਤੇ ਇਸ ਸੰਦੇਸ਼ ਰਾਹੀਂ ਗਾਇਕ ਨੂੰ ਕੁੱਝ ਅਜਿਹਾ ਕਿਹਾ ਜਿਸ ਨੂੰ ਦਰਸ਼ਕ 'ਧਮਕੀ' ਮੰਨ ਰਹੇ ਹਨ। ਆਓ ਇਸ ਪੂਰੇ ਮਾਮਲੇ ਨੂੰ ਸਮਝਦੇ ਹਾਂ।
ਕਰਨ ਔਜਲਾ ਨੂੰ ਕਿਸ ਚੀਜ਼ ਦੀ ਮਿਲੀ 'ਧਮਕੀ'
ਦਰਅਸਲ, ਹਾਲ ਹੀ ਵਿੱਚ 'ਬਦੋ-ਬਦੀ' ਗਾਇਕ ਚਾਹਤ ਫਤਿਹ ਅਲੀ ਖਾਨ ਨੇ ਆਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਚਾਹਤ ਫਤਿਹ ਅਲੀ ਖਾਨ ਪੰਜਾਬੀ ਗਾਇਕ ਕਰਨ ਔਜਲਾ ਨੂੰ ਮੈਸੇਜ ਦਿੰਦੇ ਨਜ਼ਰ ਆ ਰਹੇ ਹਨ ਅਤੇ ਕਹਿੰਦੇ ਹਨ, 'ਅੱਜ ਦਾ ਸਪੈਸ਼ਲ ਮੈਸੇਜ ਹੈ ਪਿਆਰੇ ਭਰਾ ਕਰਨ ਔਜਲਾ ਦੇ ਲਈ...ਉਨ੍ਹਾਂ ਨੇ ਗਾਣੇ ਨੂੰ ਪਸੰਦ ਕੀਤਾ ਅਤੇ ਬਹੁਤ ਹੀ ਪਿਆਰ ਵੀ ਦਿੱਤਾ, ਸ਼ੁਕਰੀਆ ਅਤੇ ਬਹੁਤ ਹੀ ਮੇਹਰਬਾਨੀ ਭਰਾ ਜੀ, ਤੁਸੀਂ ਕਿਹਾ ਕਿ ਸਾਨੂੰ ਮੁਆਫ਼ੀ ਦੇ ਦੋ, ਪਿਆਰ ਵਿੱਚ ਮੁਆਫ਼ੀ ਨਹੀਂ ਹੁੰਦੀ, ਪਿਆਰ ਤਾਂ ਪਿਆਰ ਹੀ ਹੁੰਦਾ, ਹਜੇ ਤਾਂ ਕੋਕਾ ਕੋਕਾ...ਪਾ ਲੈ ਨੀ ਬੱਲੀਏ, ਲਾ ਲੈ ਨੀ ਬੱਲੀਏ...ਕੋਕਾ ਕੋਕਾ, ਪਾ ਲੈ ਨੀ ਬੱਲੀਏ, ਲਾ ਲੈ ਨੀ ਬੱਲੀਏ, ਬਜ਼ਾਰ ਜਾਣਾ ਨੀ ਬੱਲੀਏ। ਬਹੁਤ ਹੀ ਮੇਹਰਨਬਾਨੀ, ਮੇਰੀ ਇੱਛਾ ਹੈ ਕਿ ਤੁਹਾਡੇ ਨਾਲ ਇੱਕ ਗੀਤ ਆਵੇ। ਸ਼ੁਕਰੀਆ।'
ਪ੍ਰਸ਼ੰਸਕਾਂ ਦੀਆਂ ਪ੍ਰਤੀਕਿਰਿਆਵਾਂ
ਹੁਣ ਪ੍ਰਸ਼ੰਸਕ ਚਾਹਤ ਫਤਿਹ ਅਲੀ ਖਾਨ ਦੇ ਇਸ ਸੰਦੇਸ਼ ਨੂੰ ਗਾਇਕ ਕਰਨ ਔਜਲਾ ਲਈ ਧਮਕੀ ਸਮਝ ਰਹੇ ਹਨ, ਕਿਉਂਕਿ ਇਸ ਵੀਡੀਓ ਵਿੱਚ ਖਾਨ ਨੇ ਗਾਇਕ ਦੇ ਹੋਰ ਗੀਤ ਗਾਉਣ ਦੀ ਗੱਲ ਕਹੀ ਹੈ, ਇਸ ਤੋਂ ਇਲਾਵਾ ਪ੍ਰਸ਼ੰਸਕ ਇਸ ਵੀਡੀਓ ਉਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ। ਇੱਕ ਨੇ ਲਿਖਿਆ, 'ਕਰਨ ਔਜਲਾ ਨੂੰ ਕਮੈਂਟ ਕਰਨ ਨੂੰ ਕਿਸ ਨੇ ਕਿਹਾ ਸੀ।' ਇੱਕ ਹੋਰ ਨੇ ਲਿਖਿਆ, 'ਇਹ ਹੱਥ ਧੋ ਕੇ ਕਰਨ ਔਜਲਾ ਦੇ ਮਗਰ ਪੈ ਗਿਆ।' ਇੱਕ ਹੋਰ ਨੇ ਹਾਸੀ ਵਾਲੇ ਇਮੋਜੀ ਦੇ ਨਾਲ ਲਿਖਿਆ, 'ਯਰ ਇਹ ਕਰਨ ਔਜਲਾ ਦਾ ਕਰੀਅਰ ਖਾ ਗਿਆ।' ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਲਾਲ ਦਿਲ ਦਾ ਇਮੋਜੀ ਵੀ ਸਾਂਝਾ ਕੀਤਾ ਹੈ।