ਚੰਡੀਗੜ੍ਹ: ਪੰਜਾਬੀ ਗਾਇਕ ਅਫ਼ਸਾਨਾ ਖਾਨ ਦੇ ਵੈਸੇ ਤਾਂ ਕਾਫੀ ਸਾਰੇ ਫੈਨ ਹਨ, ਪਰ ਹੁਣ ਇੱਕ ਅਜਿਹਾ ਕ੍ਰੇਜ਼ੀ ਫੈਨ ਮਿਲਿਆ ਹੈ, ਜਿਸ ਤੋਂ ਹਰ ਕੋਈ ਹੈਰਾਨ ਹੈ। ਜੀ ਹਾਂ...ਹਾਲ ਹੀ ਵਿੱਚ ਗਾਇਕਾ ਅਫ਼ਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਰਾਹੀਂ ਗਾਇਕਾ ਨੇ ਦੱਸਿਆ ਹੈ ਕਿ ਉਸਦਾ ਇੱਕ ਕ੍ਰੇਜ਼ੀ ਫੈਨ ਹੈ, ਜਿਸ ਨੇ ਉਸ ਉਤੋਂ 26 ਲੱਖ ਰੁਪਏ ਵਾਰੇ ਹਨ। ਇਸ ਦੇ ਨਾਲ ਹੀ ਗਾਇਕਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ।
ਇਸ ਵੀਡੀਓ ਵਿੱਚ ਗਾਇਕਾ ਗਾਉਂਦੀ ਨਜ਼ਰ ਆ ਰਹੀ ਹੈ ਅਤੇ ਫੈਨ ਉਸ ਉਤੋਂ ਪੈਸੇ ਵਾਰਦਾ ਨਜ਼ਰੀ ਪੈ ਰਿਹਾ ਹੈ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਹੈ, 'ਮੇਰਾ ਗੁਜਰਾਤ ਤੋਂ ਸੱਚਾ ਅਤੇ ਪਿਆਰਾ ਫੈਨ ਜੀਨਾ ਨੇ ਮੇਰੇ ਉਪਰ 26 ਲੱਖ ਵਾਰੇ, ਪਿਆਰ ਅਤੇ ਇੱਜ਼ਤ।'
ਹੁਣ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ, ਇਸ ਵੀਡੀਓ ਨੂੰ ਦੇਖ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਕਈ ਪ੍ਰਸ਼ੰਸ਼ਕ ਇਸ ਨੂੰ ਗਲਤ ਅਤੇ ਕੁੱਝ ਸਹੀ ਦੱਸ ਰਹੇ ਹਨ।
ਕੌਣ ਹੈ ਅਫ਼ਸਾਨਾ ਖਾਨ?:ਅਫ਼ਸਾਨਾ ਖਾਨ ਪੰਜਾਬ ਦੀ ਮਸ਼ਹੂਰ ਗਾਇਕਾ ਹੈ, ਜਿਸਦਾ ਜਨਮ 13 ਜੂਨ 1994 ਨੂੰ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿੱਚ ਹੋਇਆ ਸੀ। ਅਫਸਾਨਾ ਦਾ ਪਰਿਵਾਰ ਸੰਗੀਤ ਨਾਲ ਜੁੜਿਆ ਹੋਇਆ ਹੈ। ਉਸ ਦੇ ਦਾਦਾ, ਪਿਤਾ ਅਤੇ ਭਰਾ ਵੀ ਸੰਗੀਤਕਾਰ ਹਨ, ਜਿਸ ਕਾਰਨ ਅਫ਼ਸਾਨਾ ਨੂੰ ਸਕੂਲ ਦੇ ਦਿਨਾਂ ਤੋਂ ਹੀ ਸੰਗੀਤ ਵਿੱਚ ਦਿਲਚਸਪੀ ਹੈ।
ਕਈ ਗਾਇਕਾਂ ਵਾਂਗ ਅਫ਼ਸਾਨਾ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅਜ਼ ਨਾਲ ਕੀਤੀ ਸੀ। ਉਹ 2012 'ਚ ਗਾਇਕੀ ਰਿਐਲਿਟੀ ਸ਼ੋਅ 'ਵਾਇਸ ਆਫ ਪੰਜਾਬ ਸੀਜ਼ਨ 3' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਹ ਟੌਪ 5 'ਚ ਪਹੁੰਚ ਗਈ ਸੀ। ਇਸ ਤੋਂ ਬਾਅਦ ਉਹ 'ਰਾਈਜ਼ਿੰਗ ਸਟਾਰ' ਨਾਮ ਦੇ ਰਿਐਲਿਟੀ ਸ਼ੋਅ ਦਾ ਹਿੱਸਾ ਵੀ ਰਹੀ, ਜਿਸ ਤੋਂ ਬਾਅਦ ਅਫ਼ਸਾਨਾ ਦੀ ਪ੍ਰਸਿੱਧੀ ਵਧਣ ਲੱਗੀ। ਉਸ ਨੇ 'ਜੱਟਾ ਸ਼ਰੇਆਮ ਵੇ ਤੂੰ ਧੱਕਾ ਕਰਦਾ' ਗੀਤ ਨਾਲ ਗਾਇਕਾ ਵਜੋਂ ਪ੍ਰਸਿੱਧੀ ਹਾਸਲ ਕੀਤੀ।
ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਮੇਂ ਅਫ਼ਸਾਨਾ ਖਾਨ ਆਪਣੇ ਪਤੀ-ਗਾਇਕ ਸਾਜ਼ ਨਾਲ ਆਸਟ੍ਰੇਲੀਆ ਟੂਰ ਨੂੰ ਲੈ ਕੇ ਚਰਚਾ ਵਿੱਚ ਹੈ, ਗਾਇਕਾ ਇਹ ਟੂਰ ਮਈ ਵਿੱਚ ਕਰਨ ਜਾ ਰਹੀ ਹੈ।