ਚੰਡੀਗੜ੍ਹ:ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਸਾਲ ਦਾ ਸਭ ਤੋਂ ਪਿਆਰ ਵਾਲਾ ਮਹੀਨਾ ਫਰਵਰੀ ਨੂੰ ਕਿਹਾ ਜਾਂਦਾ ਹੈ, ਇਸ ਮਹੀਨੇ ਵਿੱਚ ਪ੍ਰੇਮੀ ਇੱਕ ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਹਨ। ਹੁਣ ਇਸ ਮਹੀਨੇ ਲਈ ਪੰਜਾਬੀ ਸਿਨੇਮਾ ਦੇ ਨਿਰਮਾਤਾ ਵੀ ਤਿਆਰੀਆਂ ਵਿੱਚ ਲੱਗੇ ਹੋਏ ਹਨ, ਇਸੇ ਲਈ ਨਿਰਦੇਸ਼ਕ ਥਾਪਰ ਨੇ ਵੀ ਇਸ ਮਹੀਨੇ ਲਈ ਪ੍ਰਸ਼ੰਸਕਾਂ ਨੂੰ ਕੁੱਝ ਖਾਸ ਦਿਖਾਉਣ ਦੀ ਯੋਜਨਾ ਬਣਾਈ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ, ਕੁੱਝ ਸਮਾਂ ਪਹਿਲਾਂ ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ ਨੇ ਆਪਣੀ ਰੁਮਾਂਟਿਕ ਫਿਲਮ 'ਜੀ ਵੇ ਸੋਹਣਿਆ ਜੀ' ਦਾ ਐਲਾਨ ਕੀਤਾ ਸੀ, ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਥਾਪਰ ਦੁਆਰਾ ਕੀਤਾ ਗਿਆ ਹੈ। ਸਿੰਮੀ ਚਾਹਲ ਤੋਂ ਇਲਾਵਾ ਇਸ ਫਿਲਮ ਵਿੱਚ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਵੀ ਨਜ਼ਰੀ ਪੈਣਗੇ।
ਫਿਲਮ ਦੇ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਅਸੀਂ ਸਿੰਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਸ਼ਾਨਦਾਰ ਕੈਮਿਸਟਰੀ ਦੇਖ ਸਕਦੇ ਹਾਂ, ਇਸਤੋਂ ਇਲਾਵਾ ਇਸ ਵਿੱਚ ਕਾਮੇਡੀ, ਪਿਆਰ, ਰੁਮਾਂਸ ਅਤੇ ਗੁੱਸੇ ਵਰਗੇ ਰੰਗ ਦੇਖਣ ਨੂੰ ਮਿਲੇ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਇਸ ਫਿਲਮ ਵਿੱਚ ਪ੍ਰਸ਼ੰਸਕਾਂ ਨੂੰ ਸਿੰਮੀ ਚਾਹਲ ਦਾ ਬਹੁਤ ਹੀ ਅਲੱਗ ਰੋਲ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਪ੍ਰਸ਼ੰਸਕ ਅਦਾਕਾਰ ਇਮਰਾਨ ਅੱਬਾਸ ਦੀ ਐਕਟਿੰਗ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ।
ਫਿਲਮ ਦੇ ਕ੍ਰੈਡਿਟ ਬਾਰੇ ਗੱਲ ਕਰੀਏ ਤਾਂ ਇਹ ਫਿਲਮ 'U&I ਫਿਲਮਜ਼' ਅਤੇ 'VH ਐਂਟਰਟੇਨਮੈਂਟ' ਦੁਆਰਾ ਪੇਸ਼ ਕੀਤੀ ਜਾ ਰਹੀ ਹੈ, ਇਸ ਦੇ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ, ਸਰਲਾ ਰਾਣੀ ਹਨ। ਫਿਲਮ ਨੂੰ ਥਾਪਰ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਫਿਲਮ 16 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।
ਉਲੇਖਯੋਗ ਹੈ ਕਿ ਇਸ ਫਿਲਮ ਵਿੱਚ ਕਾਫੀ ਸਾਰੇ ਪਾਕਿਸਤਾਨੀ ਕਲਾਕਾਰ ਨਜ਼ਰ ਆਉਣ ਵਾਲੇ ਹਨ। 'ਚੱਲ ਮੇਰਾ ਪੁੱਤ' ਫਿਲਮ ਤੋਂ ਬਾਅਦ ਪਾਕਿਸਤਾਨੀ ਕਲਾਕਾਰ ਲਗਾਤਾਰ ਪੰਜਾਬੀ ਫਿਲਮਾਂ ਵਿੱਚ ਨਜ਼ਰ ਆ ਰਹੇ ਹਨ, ਜਿਸ ਨਾਲ ਸਾਂਝੇ ਪੰਜਾਬ ਦੀ ਦਿੱਖ ਨਿਖਰ ਕੇ ਸਾਹਮਣੇ ਆ ਰਹੀ ਹੈ।