ਚੰਡੀਗੜ੍ਹ: ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਈ ਪੰਜਾਬੀ ਲਘੂ ਫਿਲਮ 'ਡੈਥ ਡੇ' ਇੰਨੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।
'ਸਹਿਰਾਬ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਅਤੇ 'ਸਾਰਥਕ ਰੰਗਮੰਚ' ਦੁਆਰਾ ਪੇਸ਼ ਕੀਤੀ ਗਈ ਉਕਤ ਫਿਲਮ ਦਾ ਨਿਰਦੇਸ਼ਨ ਡਾ. ਲੱਖਾ ਲਹਿਰੀ ਵੱਲੋਂ ਕੀਤਾ ਗਿਆ ਹੈ, ਜੋ ਬਤੌਰ ਅਦਾਕਾਰ ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ।
ਪਰਿਵਾਰਿਕ ਕਦਰਾਂ-ਕੀਮਤਾਂ ਵੀ ਤਰਜ਼ਮਾਨੀ ਕਰਦੀ ਅਤੇ ਗੁੰਝਲਦਾਰ ਹੁੰਦੇ ਜਾ ਰਹੇ ਆਪਸੀ ਰਿਸ਼ਤਿਆਂ ਦੁਆਲੇ ਬੁਣੀ ਗਈ ਉਕਤ ਫਿਲਮ ਨੂੰ ਬੇਹੱਦ ਦਿਲ-ਟੁੰਬਵੀਂ ਕਹਾਣੀ ਅਤੇ ਉਮਦਾ ਰੂਪ ਅਧੀਨ ਸਾਹਮਣੇ ਲਿਆਂਦਾ ਗਿਆ ਹੈ।
ਲਘੂ ਫਿਲਮਾਂ ਦੇ ਖੇਤਰ ਵਿੱਚ ਹੋਰ ਨਵੀਆਂ ਕੰਟੈਂਟ ਸੰਭਾਵਨਾਵਾਂ ਜਗਾਉਣ ਦੀ ਪੂਰਨ ਸਮੱਰਥਾ ਰੱਖਦੀ ਇਸ ਫਿਲਮ ਵਿੱਚ ਸਿਨੇਮਾ ਅਤੇ ਥੀਏਟਰ ਜਗਤ ਨਾਲ ਜੁੜੇ ਕਈ ਮੰਝੇ ਹੋਏ ਕਲਾਕਾਰਾਂ ਵੱਲੋਂ ਲੀਡਿੰਗ ਅਤੇ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ, ਜਿੰਨ੍ਹਾਂ ਵਿੱਚ ਅਵਤਾਰ ਅਰੋੜਾ, ਅਨੀਤਾ ਸ਼ਬਦੀਸ਼, ਐਮਐਮ ਸਿਆਲ, ਭੁਪਿੰਦਰ ਬਰਨਾਲਾ, ਨਵੀਨ ਸ਼ਰਮਾ, ਅਸ਼ੋਕ ਤਾਂਗੜੀ, ਮਲਕੀਤ ਮੀਤ, ਰਾਜਵੀਰ ਕੌਰ ਆਦਿ ਸ਼ੁਮਾਰ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਡੇ ਕਾਲਜ', ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਤੋਂ ਇਲਾਵਾ ਕਈ ਬਹੁ ਚਰਚਿਤ ਪ੍ਰੋਜੈਕਟਸ ਦਾ ਸ਼ਾਨਦਾਰ ਹਿੱਸਾ ਰਹੀ ਹੈ ਅਦਾਕਾਰਾ ਰਾਜਵੀਰ ਕੌਰ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਅਪਣੀ ਪਹਿਚਾਣ ਦਾਇਰੇ ਨੂੰ ਹੋਰ ਵਿਸ਼ਾਲਤਾ ਦੇਣ ਵਿੱਚ ਸਫ਼ਲ ਰਹੀ ਹੈ।
ਮੂਲ ਰੂਪ ਵਿੱਚ ਮਾਲਵਾ ਦੇ ਜ਼ਿਲ੍ਹਾਂ ਮੋਗਾ ਨਾਲ ਸੰਬੰਧਤ ਇਹ ਬਾਕਮਾਲ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਵੀ ਕਈ ਫਿਲਮਾਂ, ਵੈੱਬ ਸੀਰੀਜ਼ ਅਤੇ ਲਘੂ ਫਿਲਮਾਂ ਵਿੱਚ ਆਪਣੀ ਕਾਬਲੀਅਤ ਦਾ ਉਮਦਾ ਇਜ਼ਹਾਰ ਕਰਵਾਉਂਦੀ ਨਜ਼ਰੀ ਪਵੇਗੀ।