ਚੰਡੀਗੜ੍ਹ:ਪੰਜਾਬੀ ਫਿਲਮ ਉਦਯੋਗ ਵਿੱਚ ਅੱਜਕੱਲ੍ਹ ਚਰਚਿਤ ਨਾਂਅ ਵਜੋਂ ਜਾਣੇ ਜਾਂਦੇ ਅਦਾਕਾਰ, ਨਿਰਦੇਸ਼ਕ ਅਤੇ ਲੇਖਕ ਇੱਕ ਵੱਡੇ ਅਤੇ ਗੰਭੀਰ ਵਿਵਾਦ ਵਿੱਚ ਘਿਰਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਉਪਰ ਕਥਿਤ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਂਦਿਆਂ ਪਾਲੀਵੁੱਡ ਨਾਲ ਹੀ ਸੰਬੰਧਤ ਇੱਕ ਮਹਿਲਾ ਵੱਲੋਂ ਖਰੜ ਪੁਲਿਸ ਕੋਲ ਅਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਸੇ ਮਾਮਲੇ ਵਿੱਚ ਪੀੜ੍ਹਤ ਔਰਤ ਵੱਲੋਂ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਇਸ ਦਾ ਪ੍ਰਗਟਾਵਾ ਖੁੱਲੇਆਮ ਸ਼ਬਦਾਂ ਵਿੱਚ ਕੀਤਾ ਗਿਆ ਹੈ, ਜਿਸ ਸੰਬੰਧੀ ਮਨ ਦੇ ਵਲਵਲਿਆਂ ਦਾ ਇਜ਼ਹਾਰ ਕਰਦਿਆਂ ਉਸ ਨੇ ਕਿਹਾ ਹੈ, 'ਕੀ ਕਿਸੇ ਨੂੰ ਇੰਨਾ ਡੂੰਘਾ ਪਿਆਰ ਕਰਨਾ ਗਲਤ ਹੈ ਜਾਂ ਕੀ ਕਿਸੇ 'ਤੇ ਪੂਰੇ ਦਿਲ ਨਾਲ ਵਿਸ਼ਵਾਸ ਕਰਨਾ ਗਲਤ ਹੈ।' ਉਸ ਨੇ ਅੱਗੇ ਲਿਖਿਆ ਹੈ ਕਿ ਬਹੁਤ ਭਾਰੀ ਦਿਲ ਨਾਲ ਮੈਂ ਇਹ ਪੋਸਟ ਕਰ ਰਹੀ ਹਾਂ, ਅਸੀਂ 11 ਸਾਲਾਂ ਤੋਂ ਕਥਿਤ ਰੂਪ ਵਿੱਚ ਇੱਕ ਜਿਊਂਦੇ ਰਿਸ਼ਤੇ ਵਿੱਚ ਸੀ, ਉਸਨੇ ਮੈਨੂੰ ਕਥਿਤ ਵਿਆਹ ਲਈ ਵਚਨਬੱਧ ਕੀਤਾ ਅਤੇ 11 ਸਾਲਾਂ ਤੱਕ ਮੂਰਖ਼ ਬਣਾਇਆ। ਇਸ ਤੋਂ ਬਾਅਦ ਜੇ ਇਨਸਾਫ਼ ਨਾ ਮਿਲਿਆ ਤਾਂ ਸੰਬੰਧਤ ਵੀਡੀਓ ਜਾਂ ਫੋਟੋਆਂ ਵੀ ਪੋਸਟ ਕਰਾਂਗੀ।
ਪਾਲੀਵੁੱਡ ਗਲਿਆਰਿਆਂ ਵਿੱਚ ਹਲਚਲ ਮਚਾ ਦੇਣ ਵਾਲੇ ਉਕਤ ਮਾਮਲੇ ਵਿੱਚ ਦਿੱਤੀ ਸ਼ਿਕਾਇਤ ਵਿੱਚ ਸੰਬੰਧਤ ਔਰਤ ਨੇ ਕਿਹਾ ਕਿ ਉਹ ਪੰਜਾਬੀ ਫਿਲਮ ਉਦਯੋਗ ਵਿੱਚ ਪਿਛਲੇ 14 ਸਾਲਾਂ ਤੋਂ ਕਾਰਜਸ਼ੀਲ ਹੈ। ਔਰਤ ਮੁਤਾਬਕ ਸਾਲ 2014 ਦੇ ਹੀ ਮੁੱਢਲੇ ਪੜਾਅ ਦੌਰਾਨ ਉਕਤ ਅਦਾਕਾਰ ਨਾਲ ਉਸ ਦਾ ਮੇਲ ਮਿਲਾਪ ਹੋਇਆ, ਜੋ ਉਸ ਸਮੇਂ ਸੰਘਰਸ਼ ਵਜੋਂ ਛੋਟੀਆਂ ਫਿਲਮਾਂ ਕਰ ਰਿਹਾ ਸੀ, ਜਿਸ ਦੀ ਉਸ ਨੇ ਕੁਝ ਵੱਡੇ ਨਿਰਮਾਤਾ ਅਤੇ ਨਿਰਦੇਸ਼ਕਾਂ ਤੱਕ ਪਹੁੰਚ ਬਣਵਾਈ ਅਤੇ ਇਸੇ ਦੌਰਾਨ ਉਨ੍ਹਾਂ ਦੇ ਵਧੇ ਮੇਲਜੋਲ ਅਧੀਨ ਕਥਿਤ ਰੂਪ ਵਿੱਚ ਵਿਆਹ ਦਾ ਝਾਂਸਾ ਦਿੰਦਿਆਂ ਕਰੀਬ ਦਸ ਸਾਲਾਂ ਤੱਕ ਕਥਿਤ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਗਿਆ। ਪਰ ਹੁਣ ਜਦ ਉਸ ਦੀ ਮਦਦ ਨਾਲ ਉਸਨੇ ਅਪਣਾ ਫਿਲਮੀ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਹੈ ਤਾਂ ਉਹ ਉਸ ਪਾਸੋਂ ਪੱਲਾ ਛੱਡਵਾ ਰਿਹਾ ਹੈ, ਜਿਸ ਸੰਬੰਧੀ ਹੋਈ ਨਾਇਨਸਾਫ਼ੀ ਖਿਲਾਫ਼ ਉਸ ਨੂੰ ਪੁਲਿਸ ਕੋਲ ਮਦਦ ਦੀ ਗੁਹਾਰ ਲਗਾਉਣੀ ਪਈ ਹੈ।