ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਗਿੱਧਿਆਂ ਦੀ ਰਾਣੀ ਬਣ ਧਮਾਲਾਂ ਪਾ ਚੁੱਕੀ ਸਤਵਿੰਦਰ ਬਿੱਟੀ ਆਪਣੀ ਇਸ ਅਸਲ ਕਰਮਭੂਮੀ 'ਚ ਇੱਕ ਵਾਰ ਮੁੜ ਅਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਵੱਲ ਵੱਧ ਚੁੱਕੀ ਹੈ, ਜੋ ਆਪਣਾ ਨਵਾਂ ਗਾਣਾ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜੋ ਜਲਦ ਵੱਖ-ਵੱਖ ਪਲੇਟਫਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
ਦੁਨੀਆਂ ਭਰ ਵਿੱਚ ਆਪਣੀ ਬੁਲੰਦ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਇਹ ਬਿਹਤਰੀਨ ਫਨਕਾਰਾਂ ਬਤੌਰ ਰਾਜਨੀਤਿਕ ਗਲਿਆਰਿਆਂ ਵਿੱਚ ਆਪਣੀ ਬਹੁਪੱਖੀ ਸ਼ਖਸ਼ੀਅਤ ਦਾ ਲੋਹਾ ਬਾਖੂਬੀ ਮੰਨਵਾ ਚੁੱਕੀ ਹੈ, ਜਿੰਨ੍ਹਾਂ ਦੇ ਜੀਵਨ ਅਤੇ ਕਰੀਅਰ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰੀ ਵਜੋਂ ਵੀ ਉਨਾਂ ਦੀਆਂ ਪ੍ਰਾਪਤੀਆਂ ਸ਼ਾਨਮੱਤੀਆਂ ਰਹੀਆਂ ਹਨ, ਜਿਸ ਉਪਰੰਤ ਗਾਇਕੀ ਪਿੜ ਵਿੱਚ ਨਿੱਤਰੀ ਇਸ ਅਜ਼ੀਮ ਗਾਇਕਾ ਨੇ ਜਿੱਥੇ ਅਨੇਕਾਂ ਸੰਗੀਤਕ ਰਿਐਲਟੀ ਸੋਅਜ਼ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ, ਉਥੇ ਪੰਜਾਬੀ ਗਾਇਕੀ 'ਚ ਵੀ ਅਜਿਹੇ ਨਿਵੇਕਲੇ ਅਯਾਮ ਸਿਰਜੇ, ਜਿੰਨ੍ਹਾਂ ਦਾ ਅਸਰ ਅਤੇ ਪ੍ਰਭਾਵ ਅੱਜ ਲੰਮੇ ਸਮੇਂ ਬਾਅਦ ਵੀ ਪੰਜਾਬੀ ਸੰਗੀਤ ਸਫਾਂ ਵਿੱਚ ਜਿਓ ਦਾ ਤਿਓ ਕਾਇਮ ਹੈ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਗਾਇਕੀ ਗੂੰਜ ਦਾ ਪ੍ਰਗਟਾਵਾ ਕਰਵਾਉਣ ਵਾਲੀ ਬਿੱਟੀ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਪਿਤਾ ਗੁਰਨਾਇਬ ਸਿੰਘ ਅਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ, ਜਿਸ ਦੇ ਪਿਤਾ ਪੀਡਬਲਯੂਡੀ ਪਟਿਆਲਾ ਵਿਖੇ ਤੈਨਾਤ ਰਹੇ ਪਰ ਨੌਕਰੀਪੇਸ਼ਾ ਪਰਿਵਾਰ ਨਾਲ ਵਾਵੁਸਤਾ ਹੋਣ ਦੇ ਬਾਵਜੂਦ ਬਚਪਨ ਤੋਂ ਹੀ ਗਾਇਨ ਵੱਲ ਝੁਕਾਵਸ਼ੀਲ ਰਹੀ ਇਸ ਪ੍ਰਤਿਭਾਸ਼ਾਲੀ ਨੇ ਆਪਣੀ ਇਸ ਦਿਸ਼ਾ ਵੱਲ ਰਸਮੀ ਸ਼ੁਰੂਆਤ ਵੱਖ-ਵੱਖ ਭਗਤੀ ਸਮਾਗਮਾਂ ਤੋਂ ਕੀਤੀ, ਜਿਸ ਦੌਰਾਨ ਉਸ ਵੱਲੋਂ ਗਾਏ ਧਾਰਮਿਕ ਗੀਤਾਂ ਨੂੰ ਭਰਵੀਂ ਸਲਾਹੁਤਾ ਮਿਲੀ।
ਹਿੰਦੀ ਸਿਨੇਮਾ ਸੰਗੀਤ ਜਗਤ ਦੀ ਮਹਾਨ ਗਾਇਕਾ ਰਹੀ ਉਹ ਲਤਾ ਮੰਗੇਸ਼ਕਰ ਦੀ ਪ੍ਰਸ਼ੰਸਕ ਰਹੀ ਇਹ ਬਾਕਮਾਲ ਗਾਇਕਾ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਧਾਰਮਿਕ ਤੋਂ ਲੈ ਲੋਕ ਗਾਇਕੀ ਦੇ ਹਰ ਰੰਗ ਦਾ ਪ੍ਰਗਟਾਵਾ ਆਪਣੇ ਗਾਣਿਆਂ ਅਤੇ ਐਲਬਮ ਵਿੱਚ ਕਰਵਾ ਚੁੱਕੀ ਹੈ, ਹਾਲਾਂਕਿ ਸਾਲ 2016 ਵਿੱਚ ਆਪਣੀ ਕਰੀਅਰ ਦੀ ਪੀਕ ਅਤੇ ਪੂਰੀ ਚੜਤ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਜੁਆਇਨ ਕਰਨ ਦਾ ਫੈਸਲਾ ਲੈ ਲਿਆ, ਜਿਸ ਉਪਰੰਤ ਸੰਗੀਤ ਜਗਤ ਵਿੱਚ ਦੀ ਬਜਾਏ ਰਾਜਨੀਤਿਕ ਸਫਾਂ ਵਿੱਚ ਹੀ ਉਨਾਂ ਦੀ ਮੌਜ਼ੂਦਗੀ ਜਿਆਦਾ ਵਿਖਾਈ ਦਿੱਤੀ, ਜਿੱਥੇ ਲੰਮੇਂ ਸਮੇਂ ਦੀ ਕਾਰਜਸ਼ੀਲਤਾ ਬਾਅਦ ਉਨਾਂ ਮੁੜ ਸੰਗੀਤ ਜਗਤ ਵਿੱਚ ਆਪਣੀ ਮੁੜ ਆਮਦ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਹੀ ਪ੍ਰਤੱਖ ਇਜ਼ਹਾਰ ਕਰਵਾਉਣ ਜਾ ਰਿਹਾ ਉਨ੍ਹਾਂ ਦਾ ਉਕਤ ਨਵਾਂ ਗਾਣਾ।