ਮੁੰਬਈ: ਮਸ਼ਹੂਰ ਲੇਖਕ ਅਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਔਰਤ ਨੇ ਕਥਿਤ ਤੌਰ 'ਤੇ ਧਮਕੀ ਦਿੱਤੀ ਹੈ। ਖਬਰਾਂ ਮੁਤਾਬਕ, ਸਲੀਮ ਖਾਨ ਨੂੰ ਸਵੇਰ ਦੀ ਸੈਰ ਦੌਰਾਨ ਇੱਕ ਔਰਤ ਮਿਲੀ ਅਤੇ ਲਾਰੇਂਸ ਬਿਸ਼ਨੋਈ ਦਾ ਨਾਂ ਲੈ ਕੇ ਉਸ ਨੂੰ ਧਮਕੀ ਦਿੱਤੀ। ਉਸ ਦੇ ਖਿਲਾਫ ਬਾਂਦਰਾ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸਨੇ ਸਲੀਮ ਖਾਨ ਨੂੰ ਸਹੀ ਵਿਵਹਾਰ ਕਰਨ ਦੀ ਚੇਤਾਵਨੀ ਦਿੱਤੀ ਅਤੇ ਕਿਹਾ, "ਠੀਕ ਰਹੋ ਨਹੀਂ ਤਾਂ ਮੈਂ ਲਾਰੈਂਸ ਬਿਸ਼ਨੋਈ ਨੂੰ ਭੇਜ ਦਿਆਂਗੀ।" ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਔਰਤ ਕੌਣ ਸੀ ਅਤੇ ਕਿੱਥੋਂ ਆਈ ਸੀ। ਇਹ ਘਟਨਾ ਸਲਮਾਨ ਖਾਨ ਦੇ ਸ਼ਹਿਰ ਛੱਡਣ ਤੋਂ ਕੁਝ ਘੰਟੇ ਬਾਅਦ ਵਾਪਰੀ।
ਸਲਮਾਨ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ: ਇਹ ਘਟਨਾ ਸਲਮਾਨ ਖਾਨ ਦੇ ਘਰ 'ਤੇ ਹਮਲੇ ਦੇ ਕੁਝ ਮਹੀਨੇ ਬਾਅਦ ਵਾਪਰੀ ਹੈ। ਦੱਸ ਦਈਏ ਕਿ ਇਸ ਸਾਲ ਅਪ੍ਰੈਲ 'ਚ ਮੁੰਬਈ ਦੇ ਬਾਂਦਰਾ ਇਲਾਕੇ 'ਚ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ। ਬਾਅਦ ਵਿੱਚ ਪਤਾ ਲੱਗਾ ਸੀ ਕਿ ਇਸ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਸੀ। ਗੈਂਗਸਟਰ ਦੇ ਭਰਾ ਅਨਮੋਲ ਬਿਸ਼ਨੋਈ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਗੋਲੀਬਾਰੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ, ਜਿਸ ਤੋਂ ਬਾਅਦ ਸਲਮਾਨ ਨੇ ਆਪਣੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਵੀ ਦੱਸਿਆ।