ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੀ ਹੈ ਅਦਾਕਾਰਾ ਰੂਪੀ ਗਿੱਲ, ਜੋ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਮਝੈਲ' ਵਿੱਚ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਵੇਗੀ, ਜਿੰਨ੍ਹਾਂ ਵੱਲੋਂ ਅਪਣੀ ਇਸ ਬਹੁ-ਚਰਚਿਤ ਫਿਲਮ ਵਿਚਲੀ ਪ੍ਰਭਾਵੀ ਭੂਮਿਕਾ ਦੀ ਲੁੱਕ ਵੀ ਰਿਵੀਲ ਕਰ ਦਿੱਤੀ ਗਈ ਹੈ।
'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੀ ਇਸ ਐਕਸ਼ਨ ਫਿਲਮ ਵਿੱਚ ਦੇਵ ਖਰੌੜ ਅਤੇ ਗੁੱਗੂ ਗਿੱਲ ਵੱਲੋਂ ਲੀਡਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਨਾਲ ਕਾਫ਼ੀ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਪ੍ਰਸ਼ੰਸਕਾਂ ਦੇ ਸਨਮੁੱਖ ਹੋਵੇਗੀ ਅਦਾਕਾਰਾ ਰੂਪੀ ਗਿੱਲ, ਜੋ ਇਸ ਫਿਲਮ ਵਿੱਚ ਪੁਲਿਸ ਅਫ਼ਸਰ ਵਜੋਂ ਨਜ਼ਰੀ ਪਵੇਗੀ।
31 ਜਨਵਰੀ 2025 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਨੂੰ ਕਾਫ਼ੀ ਉੱਚ ਪੱਧਰੀ ਸਿਨੇਮਾ ਸਾਂਚੇ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜਿਸ ਨੂੰ ਮਿਲ ਰਹੀ ਚਰਚਾ ਨੂੰ ਲੈ ਕੇ ਇੰਨੀ ਦਿਨੀਂ ਬੇਹੱਦ ਉਤਸ਼ਾਹਿਤ ਵੀ ਵਿਖਾਈ ਦੇ ਰਹੀ ਹੈ ਇਹ ਹੋਣਹਾਰ ਅਦਾਕਾਰਾ, ਜਿੰਨ੍ਹਾਂ ਅਨੁਸਾਰ ਇਸ ਫਿਲਮ ਵਿੱਚ ਉਨ੍ਹਾਂ ਵੱਲੋਂ ਖਤਰਨਾਕ ਦ੍ਰਿਸ਼ਾਂ ਨੂੰ ਵੀ ਬਿਨ੍ਹਾਂ ਕਿਸੇ ਡੁਪਲੀਕੇਟ ਦੀ ਮਦਦ ਦੇ ਅੰਜ਼ਾਮ ਦਿੱਤਾ ਗਿਆ ਹੈ, ਜੋ ਪ੍ਰਸਿੱਧ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਡਿਜ਼ਾਈਨ ਕੀਤੇ ਗਏ ਹਨ।
ਸਾਲ 2023 ਵਿੱਚ ਰਿਲੀਜ਼ ਹੋਈਆਂ ਦੋ ਸੁਪਰ ਡੁਪਰ ਹਿੱਟ ਫਿਲਮਾਂ 'ਜੱਟ ਨੂੰ ਚੁੜੈਲ ਟੱਕਰੀ' ਅਤੇ 'ਬੀਬੀ ਰਜਨੀ' ਦਾ ਅਹਿਮ ਹਿੱਸਾ ਰਹੀ ਅਦਾਕਾਰਾ ਰੂਪੀ ਗਿੱਲ ਇਸ ਵਰ੍ਹੇ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੀ ਹੈ, ਜੋ ਅਪਣੀ ਉਕਤ ਫਿਲਮ ਦੁਆਰਾ ਪਹਿਲੀ ਵਾਰ ਦੇਵ ਖਰੌੜ ਨਾਲ ਅਪਣੀ ਸਕ੍ਰੀਨ ਮੌਜ਼ੂਦਗੀ ਦਰਜ ਕਰਵਾਏਗੀ।
ਇਹ ਵੀ ਪੜ੍ਹੋ: