ਚੰਡੀਗੜ੍ਹ:ਬਾਲੀਵੁੱਡ ਦੇ ਬਿਹਤਰੀਨ ਅਤੇ ਉੱਚ-ਕੋਟੀ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਫਿਲਮਕਾਰ ਰਾਜ ਕੁਮਾਰ ਸੰਤੋਸ਼ੀ ਇੱਕ ਹੋਰ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੇ ਹਨ, ਜੋ ਲੰਮੇਂ ਵਕਫ਼ੇ ਬਾਅਦ ਅਪਣੇ ਮਨਪਸੰਦ ਐਕਟਰ ਸੰਨੀ ਦਿਓਲ ਨੂੰ ਨਿਰਦੇਸ਼ਿਤ ਕਰ ਰਹੇ ਹਨ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਸੁਮੇਲਤਾ ਅਧੀਨ ਸਾਹਮਣੇ ਆਉਣ ਜਾ ਰਹੀ 'ਲਾਹੌਰ 1947' ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
ਸਾਲ 1990 ਵਿੱਚ ਆਈ ਅਤੇ ਬਲਾਕ ਬਸਟਰ ਰਹੀ 'ਘਾਇਲ' ਆਪਣੇ ਡਾਇਰੈਕਟੋਰੀਅਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੀ ਸੰਨੀ ਦਿਓਲ ਨਾਲ ਬਤੌਰ ਨਿਰਦੇਸ਼ਕ-ਐਕਟਰ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਦਾ ਇਜ਼ਹਾਰ 'ਦਾਮਿਨੀ', 'ਘਾਤਕ' ਜਿਹੀਆਂ ਸੁਪਰ ਡੁਪਰ ਹਿੱਟ ਰਹੀਆਂ ਫਿਲਮਾਂ ਵੀ ਭਲੀਭਾਂਤ ਕਰਵਾ ਚੁੱਕੀਆਂ ਹਨ।
ਹਾਲਾਂਕਿ ਇਸੇ ਸੰਦਰਭ ਵਿੱਚ ਇੱਕ ਹੈਰਾਨੀਜਨਕ ਤੱਥ ਇਹ ਵੀ ਸੰਨੀ ਦਿਓਲ ਤੋਂ ਇਲਾਵਾ ਦੂਸਰੇ ਐਕਟਰਜ਼ ਨਾਲ ਉਨ੍ਹਾਂ ਵੱਲੋਂ ਬਣਾਈਆਂ ਜਿਆਦਾਤਰ ਫਿਲਮਾਂ ਆਸ ਅਨੁਸਾਰ ਸਫਲਤਾ ਹਾਸਲ ਨਹੀਂ ਕਰ ਸਕੀਆਂ, ਜਿੰਨ੍ਹਾਂ ਵਿੱਚ 'ਲੱਜਾ', 'ਚਾਈਨਾ ਗੇਟ', 'ਅਜਬ ਪ੍ਰੇਮ ਕੀ ਗਜਬ ਕਹਾਣੀ', 'ਫਟਾ ਪੋਸਟਰ ਨਿਕਲਾ ਹੀਰੋ', 'ਬੈਡ ਬੁਆਏ', 'ਪੁਕਾਰ' ਆਦਿ ਜਿਹੀਆਂ ਬਿੱਗ ਸੈਟਅੱਪ ਅਤੇ ਬਹੁ-ਚਰਚਿਤ ਫਿਲਮਾਂ ਵੀ ਸ਼ੁਮਾਰ ਰਹੀਆਂ ਹਨ।
ਸਾਲ 2023 ਵਿੱਚ ਰਿਲੀਜ਼ ਹੋਈ ਵਿਵਾਦਿਤ ਫਿਲਮ 'ਗਾਂਧੀ ਗੋਡਸੇ ਏਕ ਯੁੱਧ' ਦਾ ਨਿਰਦੇਸ਼ਨ ਕਰਨ ਵਾਲੇ ਇਹ ਹੋਣਹਾਰ ਨਿਰਦੇਸ਼ਕ ਕਈ ਫਿਲਮਾਂ ਦੀ ਅਸਫ਼ਲਤਾ ਬਾਅਦ ਬੇਹੱਦ ਡਾਊਨਫਾਲ ਭਰੇ ਸਮੇਂ ਦਾ ਵੀ ਸਾਹਮਣਾ ਕਰ ਚੁੱਕੇ ਹਨ, ਜੋ ਅੱਜਕੱਲ੍ਹ ਅਪਣੇ ਉਕਤ ਨਵੇਂ ਫਿਲਮ ਪ੍ਰੋਜੈਕਟ ਨੂੰ ਲੈ ਕੇ ਇੱਕ ਵਾਰ ਫੇਰ ਕਾਫ਼ੀ ਜੋਸ਼ ਅਤੇ ਉਤਸ਼ਾਹ ਵਿੱਚ ਨਜ਼ਰ ਆ ਰਹੇ ਹਨ।
ਓਧਰ ਜੇਕਰ ਉਕਤ ਫਿਲਮ 'ਲਾਹੌਰ 1947' ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਨਿਰਮਾਣ ਆਮਿਰ ਖਾਨ ਪ੍ਰੋਡੋਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਨਾਲ ਰਾਜ ਕੁਮਾਰ ਸੰਤੋਸ਼ੀ ਪਹਿਲੀ ਵਾਰ ਬਤੌਰ ਫਿਲਮਕਾਰ ਕੋਈ ਫਿਲਮ ਪ੍ਰੋਜੈਕਟ ਕਰ ਰਹੇ ਹਨ, ਜੋ ਨਿਰਮਾਣ ਪੜਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ।