ਚੰਡੀਗੜ੍ਹ:ਬਾਲੀਵੁੱਡ ਦੇ ਬਿਹਤਰੀਨ ਅਤੇ ਉੱਚ-ਕੋਟੀ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਰਾਜ ਸ਼ਾਂਡਿਲਿਆ ਬਤੌਰ ਨਿਰਮਾਤਾ ਅਤੇ ਨਿਰਦੇਸ਼ਕ ਵੀ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਲਗਾਤਾਰ ਦਿਲਚਸਪ ਫਿਲਮਾਂ ਸਾਹਮਣੇ ਲਿਆਉਣ ਦੀ ਜਾਰੀ ਅਪਣੀ ਕਵਾਇਦ ਨੂੰ ਜਾਰੀ ਰੱਖਦਿਆਂ ਅੱਜ ਨਿਰਮਾਤਾ ਦੇ ਰੂਪ ਵਿੱਚ ਅਪਣੀ ਨਵੀਂ ਫਿਲਮ 'ਲਵ ਕੀ ਅਰੇਂਜ ਮੈਰਿਜ' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਸਿਨੇਮਾ ਦੀ ਬਜਾਏ ਓਟੀਟੀ ਪਲੇਟਫ਼ਾਰਮ 'ਤੇ ਆਨ ਸਟਰੀਮ ਹੋਣ ਜਾ ਰਹੀ ਹੈ।
'ਏ ਭਾਨੂਸ਼ਾਲੀ ਸਟੂਡਿਓਜ਼ ਲਿਮਿਟਡ' ਵੱਲੋਂ 'ਥਿੰਕਿਕ ਪਿਕਚਰਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਰਾਜ ਸ਼ਾਂਡਿਲਿਆ ਅਤੇ ਜੀ5 ਉਰੀਜਨਲ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਨਿਰਦੇਸ਼ਕ ਇਸ਼ਰਤ ਆਰ ਖਾਨ ਹਨ, ਜੋ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਨੂੰ ਸ਼ਾਨਦਾਰ ਵਜ਼ੂਦ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਉਕਤ ਸੰਬੰਧੀ ਹੀ ਰਸਮੀ ਜਾਣਕਾਰੀ ਸਾਂਝੀ ਕਰਦਿਆਂ ਨਿਰਮਾਤਾ ਰਾਜ ਸ਼ਾਂਡਿਲਿਆ ਨੇ ਕਿਹਾ ਕਿ 'ਬੈਂਡ, ਬਾਜਾ, ਬਾਰਾਤ' ਅਤੇ ਪਰਿਵਾਰ ਉਤੇ ਕੇਂਦਰਿਤ ਇਹ ਫਿਲਮ ਅਨੌਖੇ ਇੰਟਰਟੇਨਮੈਂਟ ਨਾਲ ਭਰਪੂਰ ਹੋਵੇਗੀ, ਜਿਸ ਨੂੰ ਬਹੁਤ ਹੀ ਉਮਦਾ ਅਤੇ ਨਿਵੇਕਲੇ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਹੈ, ਜੋ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਣਾ ਦਾ ਵੀ ਅਹਿਸਾਸ ਕਰਵਾਏਗੀ।