ਹੈਦਰਾਬਾਦ:'ਪੁਸ਼ਪਾ 2' ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ, ਕਿਉਂਕਿ 'ਪੁਸ਼ਪਾ 2' ਨੇ ਸਿਰਫ਼ ਦੋ ਦਿਨਾਂ 'ਚ 400 ਕਰੋੜ ਰੁਪਏ ਦਾ ਦੁਨੀਆ ਭਰ 'ਚ ਕਾਰੋਬਾਰ ਕਰ ਲਿਆ ਹੈ। 'ਪੁਸ਼ਪਾ 2' ਭਾਰਤੀ ਫਿਲਮ ਉਦਯੋਗ ਦੀ ਸਭ ਤੋਂ ਵੱਡੀ ਘਰੇਲੂ ਅਤੇ ਵਿਸ਼ਵਵਿਆਪੀ ਓਪਨਿੰਗ ਫਿਲਮ ਬਣ ਗਈ ਹੈ।
ਇਸ ਤੋਂ ਇਲਾਵਾ 'ਪੁਸ਼ਪਾ 2' ਨੇ ਹਿੰਦੀ ਵਿੱਚ 72 ਕਰੋੜ ਦੀ ਓਪਨਿੰਗ ਕਰਕੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਹਿੰਦੀ ਬੈਲਟ 'ਚ 'ਪੁਸ਼ਪਾ 2' ਦਾ ਕਾਫੀ ਕ੍ਰੇਜ਼ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਸ਼੍ਰੇਅਸ ਤਲਪੜੇ ਨੇ ਅੱਲੂ ਅਰਜੁਨ ਨੂੰ ਹਿੰਦੀ ਵਿੱਚ ਆਵਾਜ਼ ਦਿੱਤੀ ਹੈ।
ਮੂੰਹ ਵਿੱਚ ਰੂੰ ਪਾ ਕੇ ਪੁਸ਼ਪਾ ਦੀ ਕੱਢੀ ਆਵਾਜ਼
ਸ਼੍ਰੇਅਸ ਤਲਪੜੇ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਅਜੇ ਤੱਕ ਅੱਲੂ ਅਰਜੁਨ ਨੂੰ ਨਹੀਂ ਮਿਲੇ ਹਨ। ਇਸ ਦੇ ਨਾਲ ਹੀ ਗੋਲਮਾਲ ਵਰਗੀਆਂ ਹਿੱਟ ਫ੍ਰੈਂਚਾਇਜ਼ੀਜ਼ 'ਚ ਕੰਮ ਕਰ ਚੁੱਕੇ ਅਦਾਕਾਰ ਸ਼੍ਰੇਅਸ ਤਲਪੜੇ ਨੇ 'ਪੁਸ਼ਪਾ 2' 'ਚ ਅੱਲੂ ਅਰਜੁਨ ਨੂੰ ਹਿੰਦੀ 'ਚ ਆਵਾਜ਼ ਦੇਣ ਲਈ ਕਾਫੀ ਮਿਹਨਤ ਕੀਤੀ ਹੈ। ਸ਼੍ਰੇਅਸ ਤਲਪੜੇ ਨੇ ਡਬਿੰਗ ਦੌਰਾਨ 2 ਘੰਟਿਆਂ 'ਚ 14 ਸੈਸ਼ਨ ਕੀਤੇ ਅਤੇ ਮੂੰਹ 'ਚ ਰੂੰ ਪਾ ਕੇ ਅੱਲੂ ਅਰਜੁਨ ਦੀ ਆਵਾਜ਼ ਕੱਢੀ।