ਚੰਡੀਗੜ੍ਹ: ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖਿੱਤੇ ਵਿੱਚ ਬਤੌਰ ਨਿਰਦੇਸ਼ਕ ਅਲਹਦਾ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜੱਸੀ ਮਾਨ, ਜੋ ਅਪਣੀ ਨਵੀਂ ਪੰਜਾਬੀ ਵੈੱਬ ਸੀਰੀਜ਼ 'ਅਦਾਕਾਰ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਫਿਲਮਕਾਰੀ ਦਾ ਇੱਕ ਵਾਰ ਫਿਰ ਇਜ਼ਹਾਰ ਕਰਵਾਉਣ ਜਾ ਰਹੀ ਇਹ ਵੈੱਬ ਫਿਲਮ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਨਿਊ ਏਰਾ ਮੋਸ਼ਨ ਪਿਕਚਰਜ਼' ਅਤੇ 'ਸੀਸੀ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਅਤੇ ਪੇਸ਼ ਕੀਤੀ ਜਾ ਰਹੀ ਇਸ ਵੈੱਬ ਸੀਰੀਜ਼ ਦੇ ਪੇਸ਼ਕਰਤਾ ਲੱਕੀ ਕੁਆਰ ਅਤੇ ਲੱਖੀ ਗਿੱਲ, ਨਿਰਮਾਤਾ-ਨਵਜੋਤ ਸਿੰਘ ਅਤੇ ਸੀਮਾ ਰਾਣੀ ਹਨ, ਜਿੰਨ੍ਹਾਂ ਵੱਲੋਂ ਉੱਚ ਪੱਧਰੀ ਸਿਨੇਮਾ ਮਾਪਦੰਡਾਂ ਅਧੀਨ ਬਣਾਈ ਗਈ ਉਕਤ ਵੈੱਬ ਸੀਰੀਜ਼ ਦਾ ਨਿਰਦੇਸ਼ਨ ਜੱਸੀ ਮਾਨ ਵੱਲੋਂ ਕੀਤਾ ਗਿਆ ਹੈ।
ਸੱਚੀ ਕਹਾਣੀ, ਸਿਨੇਮਾ ਅਤੇ ਅਦਾਕਾਰੀ ਨਾਲ ਜੁੜੇ ਪਹਿਲੂਆਂ ਅਧਾਰਿਤ ਇਸ ਵੈੱਬ ਸੀਰੀਜ਼ ਦੁਆਰਾ ਇੱਕ ਹੋਰ ਨਵ ਚਿਹਰਾ ਪ੍ਰਿੰਸ ਸ਼ਰਮਾ ਅਦਾਕਾਰੀ ਦੀ ਦੁਨੀਆਂ ਵਿੱਚ ਸ਼ਾਨਦਾਰ ਆਮਦ ਕਰਨ ਜਾ ਰਿਹਾ ਹੈ, ਜੋ ਇਸ ਵੈੱਬ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਂਦਾ ਨਜ਼ਰੀ ਪਵੇਗਾ।
ਆਗਾਮੀ ਦਿਨੀਂ 06 ਅਕਤੂਬਰ ਨੂੰ ਆਨ ਸਟ੍ਰੀਮ ਹੋਣ ਜਾ ਰਹੀ ਉਕਤ ਵੈੱਬ ਸੀਰੀਜ਼ ਦੇ ਹੋਰਨਾਂ ਕਲਾਕਾਰਾਂ ਦੀ ਗੱਲ ਕਰੀਏ ਤਾਂ ਇੰਨ੍ਹਾਂ ਵਿੱਚ ਨਿਰਮਲ ਰਿਸ਼ੀ, ਨਿਰਭੈ ਧਾਲੀਵਾਲ, ਜੀਨੀਆਂ ਧੂਰੀਆ, ਨਵਦੀਪ ਬਾਜਵਾ, ਮਨਦੀਪ ਸੇਖੋਂ, ਗੈਵੀ ਲੂਥਰਾ, ਗਗਨ ਗਿੱਲ ਆਦਿ ਸ਼ੁਮਾਰ ਹਨ।
ਭਾਵਨਾਤਮਕ ਡਰਾਮਾ ਅਤੇ ਸ਼ਾਨਦਾਰ ਰੰਗਾਂ ਵਿੱਚ ਰੰਗੀ ਗਈ ਕਹਾਣੀ ਅਧਾਰਿਤ ਇਸ ਦਿਲ ਨੂੰ ਛੂਹ ਲੈਣ ਵਾਲੀ ਵੈੱਬ ਸੀਰੀਜ਼ ਦਾ ਲੇਖਣ ਸਪਿੰਦਰ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ, ਜੋ ਇੰਨੀਂ ਦਿਨੀਂ ਕਈ ਹੋਰ ਸ਼ਾਨਦਾਰ ਅਤੇ ਬਿਹਤਰੀਨ ਫਿਲਮਾਂ ਅਤੇ ਪ੍ਰੋਜੈਕਟਸ ਦਾ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਵਿੱਚ ਜਿੰਮੀ ਸ਼ਰਮਾ ਅਤੇ ਪੂਨਮ ਸੂਦ ਨਾਲ 'ਪੂਰਨਮਾਸ਼ੀ', 'ਆਖਰੀ ਬਾਬੇ' ਆਦਿ ਵੀ ਸ਼ਾਮਿਲ ਹਨ।
ਬਤੌਰ ਐਸ਼ੋਸੀਏਟ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਅਹਿਮ ਹਿੱਸਾ ਰਹੇ ਹਨ ਨਿਰਦੇਸ਼ਕ ਜੱਸੀ ਮਾਨ, ਜੋ ਅੱਜਕੱਲ੍ਹ ਨਿਰਦੇਸ਼ਕ ਦੇ ਰੂਪ ਵਿੱਚ ਵੀ ਪਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਅਨੁਸਾਰ ਵੈੱਬ ਸੀਰੀਜ਼ ਦੇ ਖਿੱਤੇ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਅੋਤ ਪੋਤ ਕਰਨ ਵਿੱਚ ਵੀ ਉਨ੍ਹਾਂ ਦਾ ਇਹ ਪ੍ਰੋਜੈਕਟ ਅਹਿਮ ਭੂਮਿਕਾ ਨਿਭਾਵੇਗਾ।
ਇਹ ਵੀ ਪੜ੍ਹੋ: