ਪੰਜਾਬੀ ਗਾਇਕ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ 'ਕਲਾਈਮੇਟ ਐਡਵਾਈਜ਼ਰੀ' ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਹੈ। ਇਹ ਐਲਾਨ ਬਾਕੂ ਅਜ਼ਰਬਾਈਜਾਨ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29 ਵਿੱਚ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਪ੍ਰਸਿੱਧੀ, ਸੰਗੀਤ ਅਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਸ਼ੁਭ ਦੇ ਸੰਗੀਤ ਬਾਰੇ UNFCCC ਨੇ ਕਹੀ ਇਹ ਗੱਲ
ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ ਸਗੋਂ ਉਹ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦਾ ਹੈ।
UNFCCC ਦੇ ਨੁਮਾਇੰਦੇ ਜਿੰਗਵੇਨ ਯਾਂਗ ਨੇ ਸ਼ੁਭ ਦੇ ਯੋਗਦਾਨ ਅਤੇ ਉਸਦੀ ਵਿਸ਼ਵਵਿਆਪੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ,"ਉਸਦਾ ਸੰਗੀਤ ਅਤੇ ਉਸਦੀ ਪਹਿਲਕਦਮੀ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਦੀ ਕਲਾ ਭਵਿੱਖ ਦੀਆਂ ਪੀੜ੍ਹੀਆਂ ਲਈ ਇਤਿਹਾਸਕ ਜਲਵਾਯੂ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਕਰਦੀ ਹੈ।"-UNFCCC ਦੇ ਨੁਮਾਇੰਦੇ ਜਿੰਗਵੇਨ ਯਾਂਗ
UN ਦੇ ਗਲੋਬਲ ਬ੍ਰਾਂਡ ਅੰਬੈਸਡਰ ਬਣਨ ਤੋਂ ਬਾਅਦ ਸ਼ੁਭ ਨੇ ਕੀ ਕਿਹਾ?
ਸ਼ੁਭ ਨੇ ਇਸ ਮੌਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਇਸ ਭੂਮਿਕਾ ਨੂੰ ਗੰਭੀਰ ਜ਼ਿੰਮੇਵਾਰੀ ਵਜੋਂ ਸਵੀਕਾਰ ਕੀਤਾ। ਉਸ ਨੇ ਕਿਹਾ ਕਿ ਇਹ ਭੂਮਿਕਾ ਉਸ ਲਈ ਵੱਡਾ ਮੌਕਾ ਹੈ। ਉਹ ਇਸਦੀ ਵਰਤੋਂ ਜਲਵਾਯੂ ਤਬਦੀਲੀ 'ਤੇ ਜਾਗਰੂਕਤਾ ਫੈਲਾਉਣ, ਗਿਆਨ ਸਾਂਝਾ ਕਰਨ ਅਤੇ ਧਰਤੀ 'ਤੇ ਸਾਰੇ ਜੀਵਾਂ ਲਈ ਇੱਕ ਟਿਕਾਊ ਭਵਿੱਖ ਬਣਾਉਣ ਲਈ ਕਰਨਗੇ।
ਗਲੋਬਲ ਕਲਾਈਮੇਟ ਦੀ ਸੂਚੀ 'ਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ ਗਾਇਕ
ਇਸ ਨਵੀਂ ਭੂਮਿਕਾ ਦੇ ਨਾਲ ਸ਼ੁਭ ਨੇ ਆਪਣੇ ਆਪ ਨੂੰ ਗਲੋਬਲ ਕਲਾਈਮੇਟ ਪਹਿਲਕਦਮੀਆਂ ਦਾ ਸਮਰਥਨ ਕਰਨ ਵਾਲੇ ਵੱਡੇ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਇਨ੍ਹਾਂ ਵਿੱਚ ਕੋਲਡਪਲੇ, ਬੀਟੀਐਸ, ਬਿਲੀ ਆਈਲਿਸ਼, ਲਿਓਨਾਰਡੋ ਡੀਕੈਪਰੀਓ ਅਤੇ ਡੇਵਿਡ ਬੇਖਮ ਵਰਗੇ ਨਾਮ ਵੀ ਸ਼ਾਮਲ ਹਨ, ਜੋ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਪਹਿਲਕਦਮੀਆਂ ਨਾਲ ਜੁੜੇ ਹੋਏ ਹਨ।
ਸ਼ੁਭ ਨੂੰ ਕਿਉ ਬਣਾਇਆ ਗਿਆ UN ਦਾ ਗਲੋਬਲ ਬ੍ਰਾਂਡ ਅੰਬੈਸਡਰ?
ਸ਼ੁਭ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਭਾਰਤ ਦੇ ਨੌਜਵਾਨਾਂ ਵਿੱਚ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਏਗਾ। ਉਸਦਾ ਸੰਗੀਤ ਅਤੇ ਉਸਦੇ ਪੈਰੋਕਾਰਾਂ ਦੀ ਗਿਣਤੀ ਉਸਨੂੰ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਦੀ ਹੈ। ਜਲਵਾਯੂ ਪਰਿਵਰਤਨ ਵਰਗੇ ਗੰਭੀਰ ਮੁੱਦਿਆਂ ਨੂੰ ਨੌਜਵਾਨ ਪੀੜ੍ਹੀ ਤੱਕ ਲਿਜਾਣ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਸ਼ੁਭ ਕਈ ਵਿਵਾਦਾਂ 'ਚ ਰਹਿ ਚੁੱਕੇ ਨੇ ਸ਼ਾਮਲ
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸ਼ੁਭ ਦਾ ਨਾਂ ਕਈ ਵਿਵਾਦਾਂ 'ਚ ਸਾਹਮਣੇ ਆ ਚੁੱਕਾ ਹੈ। ਹਾਲ ਹੀ ਦੇ ਸਾਲਾਂ 'ਚ ਨਾ ਸਿਰਫ ਆਪਣੀ ਪ੍ਰਸਿੱਧੀ ਲਈ ਸਗੋਂ ਕੁਝ ਵਿਵਾਦਾਂ ਕਾਰਨ ਵੀ ਸ਼ੁਭ ਚਰਚਾ 'ਚ ਰਹੇ ਹਨ। ਉਸ ਦੀ ਸਫਲਤਾ ਦੇ ਨਾਲ-ਨਾਲ ਉਸ ਦੇ ਬਿਆਨਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਨੇ ਵਿਵਾਦਾਂ ਨੂੰ ਜਨਮ ਦਿੱਤਾ ਹੈ।
ਇਨ੍ਹਾਂ ਵਿਵਾਦਾਂ ਦੇ ਚਲਦਿਆਂ ਹੀ 2023 ਵਿੱਚ ਸ਼ੁਭ ਉੱਤੇ ਖਾਲਿਸਤਾਨ ਪੱਖੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੰਮੂ-ਕਸ਼ਮੀਰ ਅਤੇ ਪੰਜਾਬ ਤੋਂ ਬਿਨ੍ਹਾਂ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਸੀ, ਜਿਸ ਨੂੰ ਕਈ ਲੋਕ ਭਾਰਤ ਵਿਰੋਧੀ ਮੰਨਦੇ ਸਨ। ਇਸ ਵਿਵਾਦ ਕਾਰਨ ਭਾਰਤ ਵਿੱਚ ਸ਼ੁਭ ਦੇ ਕਈ ਸ਼ੋਅ ਰੱਦ ਕਰ ਦਿੱਤੇ ਗਏ ਸੀ।
ਇਸ ਤੋਂ ਇਲਾਵਾ, ਕੁਝ ਆਲੋਚਕਾਂ ਨੇ ਸ਼ੁਭ 'ਤੇ ਆਪਣੇ ਬਿਆਨਾਂ ਅਤੇ ਪੋਸਟਾਂ ਵਿੱਚ ਭਾਰਤ ਦੇ ਰਾਸ਼ਟਰੀ ਚਿੰਨ੍ਹਾਂ ਦਾ ਅਪਮਾਨ ਕਰਨ ਦਾ ਦੋਸ਼ ਵੀ ਲਗਾਇਆ ਸੀ। ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਸ਼ੁਭ ਦੀਆਂ ਕਈ ਪੋਸਟਾਂ ਵਿਵਾਦਾਂ ਦਾ ਵਿਸ਼ਾ ਬਣੀਆਂ ਹਨ। ਇਨ੍ਹਾਂ ਪੋਸਟਾਂ 'ਚੋ ਹੀ ਇੱਕ 'ਵੀ ਸਟੈਂਡ ਟੂਗੇਦਰ' ਪੋਸਟ ਨੂੰ ਵੀ ਭਾਰਤ ਵਿਰੋਧੀ ਮੰਨਿਆ ਜਾਂਦਾ ਸੀ।
ਸ਼ੁਭ ਦਾ ਕਰੀਅਰ
ਜੇਕਰ ਸ਼ੁਭ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਸ਼ੁਭ ਨੇ 2021 'ਚ 'Don't Look' ਨਾਲ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਗਾਇਕ ਸ਼ੁਭ 'We Rollin', 'Elevated' ਅਤੇ 'Offshore' ਵਰਗੇ ਗਾਣਿਆਂ 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ, ਸ਼ੁਭ ਦੇ ਗੀਤਾਂ 'ਚ No Love, One Love, You and Me, Cheques ਆਦਿ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:-